ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ‘ਵਾਰਿਸ ਪੰਜਾਬ ਦੇ’ ਜਦੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਅਜਨਾਲਾ ‘ਚ ਹੋਈ ਹਿੰਸਕ ਝੜਪ ‘ਤੇ ਰਾਜਾ ਵੜਿੰਗ ਨੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਐਕਸ਼ਨ ਲੈਣ ਦੀ ਮੰਗ ਕਰਦਿਆਂ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੂੰ ਇਕ ਚਿੱਠੀ ਲਿਖੀ ਹੈ।
The seige & attack on Ajnala Police station is an unprecedented incident & the guilty must be put behind bars. The inaction of @PunjabGovtIndia has demoralised our martial @PunjabPoliceInd.
Have written to @DGPPunjabPolice seeking immediate arrest of the culprits. pic.twitter.com/d80G4L9b36— Amarinder Singh Raja Warring (@RajaBrar_INC) March 1, 2023
ਡੀ.ਜੀ.ਪੀ. ਨੂੰ ਲਿਖੇ ਪੱਤਰ ਵਿਚ ਉਹਨਾਂ ਕਿਹਾ ਕਿ ਖ਼ਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਪੰਜਾਬ ‘ਚ ਜ਼ਹਿਰ ਘੋਲ ਰਿਹਾ ਹੈ ਅਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਭੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੈਂ ਸਰਕਾਰ ਨੂੰ ਅੰਮ੍ਰਿਤਪਾਲ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਦੀ ਅਪੀਲ ਕਰਦਿਆਂ ਪੱਤਰ ਭੇਜਿਆ ਸੀ ਪਰ ਸਰਕਾਰ ਨੇ ਉਸ ਸਬੰਧੀ ਨਾ ਤਾਂ ਕੋਈ ਐਕਸ਼ਨ ਲਿਆ ਅਤੇ ਨਾ ਹੀ ਅੰਮ੍ਰਿਤਪਾਲ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ। ਜਿਸ ਦੇ ਚੱਲਦਿਆਂ ਉਸ ਦੀਆਂ ਗਤੀਵਿਧੀਆਂ ਨੂੰ ਇੰਨੀ ਸ਼ਹਿ ਮਿਲ ਗਈ ਹੈ ਕਿ ਉਸ ਨੇ ਅਜਨਾਲਾ ਥਾਣੇ ‘ਤੇ ਕਬਜ਼ਾ ਕਰਕੇ ਪੁਲਿਸ ਮੁਲਾਜ਼ਮਾਂ ‘ਤੇ ਜਾਨਲੇਵਾ ਹਮਲਾ ਕੀਤਾ। ਇਸ ਦੌਰਾਨ ਉਹਨਾ ਨੇ ਸਰਕਾਰ ਨੂੰ ਤੁਰੰਤ ਐਕਸ਼ਨ ਲੈਣ ਦੀ ਅਪੀਲ ਕੀਤੀ ਅਤੇ ਭਰੋਸਾ ਦਵਾਇਆ ਕਿ ਉਹ ਸਰਕਾਰ ਦਾ ਪੂਰਾ ਸਮਰਥਨ ਕਰਨਗੇ।
ਰਾਜਾ ਵੜਿੰਗ ਨੇ ਕਿਹਾ ਕਿ ਜੋ ਕੁਝ ਵੀ ਅਜਨਾਲਾ ਵਿਖੇ ਹੋਇਆ ਕਿਸੇ ਨੇ ਵੀ ਅਜਿਹਾ ਸੋਚਿਆ ਤੱਕ ਵੀ ਨਹੀਂ ਸੀ ਤੇ ਨਾ ਹੀ ਇਸ ਤੋਂ ਪਹਿਲਾਂ ਅਜਿਹਾ ਕੁਝ ਸੁਣਿਆ ਸੀ। ਸਗੋਂ ਅੱਤਵਾਦ ਦੇ ਕਾਲੇ ਦਿਨਾਂ ‘ਚ ਵੀ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਸੀ। ਉਨ੍ਹਾਂ ਆਖਿਆ ਕਿ ਪੰਜਾਬ ਨੇ ਇਤਿਹਾਸ ‘ਚ ਚਾਹੇ ਅੱਤਵਾਦ ਦੇ ਮਾੜੇ ਦਿਨ ਦੇਖੇ ਹਨ ਪਰ ਕਿਸੇ ਵੀ ਘਟਨਾ ਨੇ ਪੁਲਿਸ ਨੂੰ ਝੁਕਣ ਲਈ ਮਜ਼ਬੂਰ ਨਹੀਂ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਸਰਕਾਰ ਨੂੰ ਐਲਟੀਮਟਮ ਦਿੰਦਿਆਂ ਕਿਹਾ ਕਿ ਜਾਂ ਤਾਂ ਸਰਕਾਰ ਅੰਮ੍ਰਿਤਪਾਲ ਸਮੇਤ ਉਨ੍ਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰੇ ਜਿਨ੍ਹਾਂ ਨੇ ਪੁਲਸ ‘ਤੇ ਹਮਲਾ ਕੀਤਾ ਹੈ , ਨਹੀਂ ਕਾਂਗਰਸ ਨੂੰ ਮਜ਼ਬੂਰਣ ਸੜਕਾਂ ‘ਤੇ ਆਉਣਾ ਪਵੇਗਾ। ਰਾਜਾ ਵੜਿੰਗ ਨੇ ਕਿਹਾ ਕਿ ਵੱਡੇ ਪੱਧਰ ‘ਤੇ ਹੋ ਰਹੀਆਂ ਇਨ੍ਹਾਂ ਪੰਜਾਬ ਵਿਰੋਧੀ ਗਤੀਵਿਧੀਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਰਾਜਾ ਵੜਿੰਗ ਨੇ ਆਖਿਆ ਕਿ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਸਰਕਾਰ ਅਤੇ ਪੁਲਸ ਨੂੰ ਭਾਜੜਾਂ ਪਾ ਕੇ ਬਿਨ੍ਹਾਂ ਕਿਸੇ ਡਰ ਤੋਂ ਬਾਹਰ ਘੁੰਮ ਰਹੇ ਹਨ , ਜੋ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਈ ਕਾਂਗਰਸ ਸਰਕਾਰ ਨੂੰ ਤੁਰੰਤ ਐਕਸ਼ਨ ਲੈਣ ਦੀ ਅਪੀਲ ਕਰਦੇ ਹਾਂ ਅਤੇ ਭਰੋਸਾ ਦਿੰਦੇ ਹਾਂ ਅਸੀਂ ਸਰਕਾਰ ਦਾ ਪੂਰਾ ਸਮਰਥਨ ਕਰਾਂਗੇ। ਰਾਜਾ ਵੜਿੰਗ ਨੇ ਕਿਹਾ ਕਿ ਇਸ ਘਟਨਾ ਨਾਲ ਨਾ ਸਿਰਫ਼ ਪੰਜਾਬ ਪੁਲਸ ਦੇ ਭਰੋਸਾ ਤੇ ਹੌਂਸਲੇ ਨੂੰ ਹਿਲਾਇਆ ਹੈ ਸਗੋਂ ਪੰਜਾਬੀਆਂ ‘ਤੇ ਵੀ ਵੱਡਾ ਪ੍ਰਭਾਵ ਪਾਇਆ ਹੈ। ਲੋਕਾਂ ਨੂੰ ਇਹ ਲ਼ੱਗ ਰਿਹਾ ਹੈ ਕਿ ਜੇਕਰ ਸੂਬੇ ਦੀ ਪੁਲਸ ਨਹੀਂ ਸੁਰੱਖਿਅਤ ਤਾਂ ਉਹ ਆਮ ਲੋਕਾਂ ਦੀ ਰੱਖਿਆ ਕਿਵੇਂ ਕਰੇਗੀ।
ਉਹਨਾਂ ਕਿਹਾ ਕਿ ਪੰਜਾਬ ਪੁਲਸ ਦੇਸ਼ ਦੀ ਸਰਵੋਤਮ ਪੁਲਸ ਫੋਰਸ ਹੈ। ਪੰਜਾਬ ਪੁਲਸ ਨੇ ਦੇਸ਼ ਲਈ ਬੇਮਿਸਾਲ ਲੜਾਈਆਂ ਲੜੀਆਂ ਹਨ ਅਤੇ ਦੇਸ਼ ਦੀ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਕੁਰਬਾਨੀਆਂ ਦਿੱਤੀਆਂ ਹਨ। ਇਸ ਤੋਂ ਇਲਾਵਾ ਕਈ ਪੁਲਸ ਮੁਲਾਜ਼ਮਾਂ ਨੇ ਤਾਂ ਅੱਤਵਾਦ ਖ਼ਿਲਾਫ਼ ਲੜਾਈ ਲੜਦਿਆਂ ਆਪਣੀਆਂ ਜਾਨਾਂ ਅਤੇ ਪਰਿਵਾਰਾਂ ਨੂੰ ਵੀ ਗੁਆਇਆ ਹੈ। ਇਹ ਕਹਿੰਦਿਆਂ ਮੈਨੂੰ ਬਹੁਤ ਦੁੱਖ ਲੱਗ ਰਿਹਾ ਹੈ ਕਿ ਉਹ ਪੁਲਸ ਅੱਜ ਕੁਝ ਗੁੰਡਿਆਂ ਦੇ ਹਮਲੇ ਦਾ ਸ਼ਿਕਾਰ ਹੋ ਰਹੀ ਹੈ, ਜਿਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਐਕਸ਼ਨ ਲੈਣ ਤੋਂ ਮਨ੍ਹਾਂ ਕੀਤਾ ਗਿਆ ਹੈ।