ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਭੱਖਦਾ ਵਿਖਾਈ ਦੇ ਰਿਹਾ ਹੈ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ‘ਤੇ ਕਾਂਗਰਸੀਆਂ ਦੇ ਬਿਆਨ ਸਾਹਮਣੇ ਆਏ ਹਨ। ਰਵਨੀਤ ਬਿੱਟੂ ਵਲੋਂ ਅੰਮ੍ਰਿਤਪਾਲ ਸਿੰਘ ‘ਤੇ ਨਿਸ਼ਾਨੇ ਸਾਧਦੇ ਹੋਏ ਉਸਨੂੰ ਗਿਦੱੜ ਆਖਿਆ ਅਤੇ ਕਿਹਾ ਕਿ ਨਿਹੰਗ ਸਿੰਘਾਂ ਵਲੋਂ ਪਾਏ ਜਾਂਦੇ ਬਾਣੇ ਨੂੰ ਅੰਮ੍ਰਿਤਪਾਲ ਸਿੰਘ ਨੇ ਦਾਗ ਲਗਾਇਆ ਹੈ। ਨਾਲ ਹੀ ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਗੁੰਮਰਾਹ ਕਰਨ ਆਇਆ ਹੈ ਅਤੇ ਮਾਵਾਂ ਦੇ ਪੁੱਤ ਮਰਵਾਉਣ ਆਇਆ ਹੈ।
ਰਵਨੀਤ ਬਿੱਟੂ ਵਲੋਂ ਨਿਸ਼ਾਨੇ ਸਾਧਨ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਟਵੀਟ ਸਾਹਮਣੇ ਆਇਆ ਹੈ। ਉਹਨਾਂ ਨੇ ਟਵੀਟ ਕਰਦਿਆਂ ਕਿਹਾ, “ਗੁਰੂ ਦੇ ਸੱਚੇ ਸਿੱਖ ਕਦੇ ਭੱਜਦੇ ਨਹੀਂ ਹੁੰਦੇ। ਚਾਹੇ ਮਜਬੂਰੀ ਵੱਸ ਹੀ ਪੰਜਾਬ ਪੁਲਸ ਆਪਣਾ ਕੰਮ ਕਰ ਰਹੀ ਹੈ। ਰਾਜਾ ਵੜਿੰਗ ਨੇ ਆਪਣੇ ਟਵੀਟ ਰਾਹੀਂ ਸਮੂਹ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਗੁਰੂ ਦੇ ਸੱਚੇ ਸਿੱਖ ਭੱਜਦੇ ਨਹੀਂ ਹੁੰਦੇ।
ਚਾਹੇ ਮਜਬੂਰੀ ਵੱਸ ਹੀ @PunjabPoliceInd ਆਪਣਾ ਕੰਮ ਕਰ ਰਹੀ ਹੈ।
ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਕਿ ਸ਼ਾਂਤੀ ਬਣਾਈ ਰੱਖੋ।
— Amarinder Singh Raja Warring (@RajaBrar_INC) March 18, 2023
ਇਸ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਦੇਰੀ ਨਾਲ ਹੀ ਸਹੀ ਪਰ ਪੰਜਾਬ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਦਾ ਮੈਂ ਸਵਾਗਤ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਮੇਰੀ ਬੇਨਤੀ ਹੈ ਕਿ ਸ਼ਾਂਤੀ ਬਣਾਈ ਰੱਖਣ ਅਤੇ ਅਫ਼ਵਾਹਾਂ ‘ਤੇ ਭਰੋਸਾ ਨਾ ਕਰਨ।
ਦੇਰੀ ਨਾਲ ਹੀ ਸਹੀ ਪਰ ਪੰਜਾਬ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਦਾ ਮੈਂ ਸਵਾਗਤ ਕਰਦਾ ਹਾਂ।
ਸਮੂਹ ਪੰਜਾਬੀਆਂ ਨੂੰ ਮੇਰੀ ਬੇਨਤੀ ਹੈ ਕਿ ਸ਼ਾਂਤੀ ਬਣਾਈ ਰੱਖਣ ਅਤੇ ਅਫਵਾਹਾਂ ਤੇ ਭਰੋਸਾ ਨਾ ਕਰਨ।
— Sukhjinder Singh Randhawa (@Sukhjinder_INC) March 18, 2023
ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ ਕੁਝ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਨਕੋਦਰ ਨੇੜੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ 6 ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਸੀ। ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਜ਼ਿਲ੍ਹਾ ਜਲੰਧਰ ਦੇ ਸ਼ਾਹਕੋਟ ਨੂੰ ਜਾ ਰਹੇ ਸਨ।