‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਬਹਾਨੇ ਪੰਜਾਬ ਦੀ ਮਾਨ ਸਰਕਾਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਰਹੇ ਹਨ। ਹੁਣ ਭਾਜਪਾ ਆਗੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੰਮ੍ਰਿਤਪਾਲ ਸਿੰਘ ਦੇ ਨਾਲ ਨਾਲ ਪੰਜਾਬ ਸਰਕਾਰ ‘ਤੇ ਸ਼ਬਦੀ ਵਾਰ ਕਰਦਿਆਂ ਇਹ ਬਿਆਨ ਦਿੱਤਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਉਸ ‘ਤੇ ਕੋਈ ਕਾਰਵਾਈ ਨਾ ਕੀਤੀ ਤਾਂ NIA ਅੰਮ੍ਰਿਤਪਾਲ ਸਿੰਘ ‘ਤੇ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਇਹ ਬਹਿਰੂਪੀਏ ਪੰਜਾਬ ਵਿਚ ਜ਼ਹਿਰ ਦਾ ਸੰਚਾਰ ਕਰ ਰਹੇ ਹਨ, ਅੰਮ੍ਰਿਤ ਦਾ ਨਹੀਂ। ਉਨ੍ਹਾਂ ਸਵਾਲ ਕੀਤਾ ਕਿ ਕੀ ਅੰਮ੍ਰਿਤਸਰ ਏਅਰਪੋਰਟ ‘ਤੇ ਫੜੇ ਗਏ ਅੰਮ੍ਰਿਤਪਾਲ ਦੇ ਸਾਥੀ ਔਜਲੇ ਨੂੰ ਅਜਨਾਲੇ ਵਾਂਗ ਛੁਡਵਾਇਆ ਜਾਵੇਗਾ?
ਉਨ੍ਹਾਂ ਆਖਿਆ ਕਿ ਅੱਜ ਸਰਕਾਰ ਕੋਲ ਕਾਰਵਾਈ ਕਰਨ ਦਾ ਮੌਕਾ ਹੈ ਪਰ ਕੱਲ੍ਹ ਕਿਤੇ ਦੇਰ ਨਾ ਹੋ ਜਾਵੇ। ਜੇਕਰ ਝਾੜੂ ਨੇ ਕਚਰਾ ਨਾ ਹਟਾਇਆ ਤਾਂ ਕੇਂਦਰ ਵੈਕਿਊਮ ਕਲੀਨਰ ਚਲਾਏਗੀ। ਭਗਵੰਤ ਮਾਨ ਸਰਕਾਰ ਨੇ ਚੂੜੀਆਂ ਪਾਈਆਂ ਹਨ, ਕੇਂਦਰ ਨੇ ਨਹੀਂ ਪਾਈਆਂ। ਉਨ੍ਹਾਂ ਆਖਿਆ ਕਿ 2007 ਵਿੱਚ ਵੀ ਬਹਿਰੂਪੀਏ ਦੇ ਸਾਹਮਣੇ ਉਸ ਸਮੇਂ ਦੀ ਸਰਕਾਰ ਨੇ ਗੋਡੇ ਟੇਕ ਦਿੱਤੇ ਸਨ, ਅੱਜ ਵੀ ਇਕ ਜ਼ਹਿਰ ਦਾ ਸੰਚਾਰ ਕਰਨ ਵਾਲੇ ਬਹਿਰੂਪੀਏ ਅੱਗੇ ਗੋਡੇ ਟੇਕੇ ਹਨ। ਭਗਵੰਤ ਮਾਨ ਨੂੰ ਆਪਣਾ ਅਕਸ ਸੁਧਾਰਨ ਦਾ ਮੌਕਾ ਮਿਲ ਗਿਆ ਹੈ।