G-20 ਸੰਮੇਲਨ, ਜਿਸ ਦਾ ਇੰਤਜ਼ਾਰ ਸਾਰਿਆਂ ਨੂੰ ਕਾਫੀ ਚਿਰਾਂ ਤੋਂ ਸੀ, ਹੁਣ ਉਹ ਉਡੀਕ ਖ਼ਤਮ ਹੋ ਚੁੱਕੀ ਹੈ। ਅੰਮ੍ਰਿਤਸਰ ਯਾਨੀ ਗੁਰੂ ਨਗਰੀ ‘ਚ ਅੱਜ ਤੋਂ ਜੀ-20 ਸੰਮੇਲਨ ਸ਼ੁਰੂ ਹੋ ਰਿਹਾ ਹੈ, ਜਿਸ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਸੰਮੇਲਨ ਅੰਮ੍ਰਿਤਸਰ ਦੇ ਇਤਿਹਾਸਕ ਖਾਸਲਾ ਕਾਲਜ ਵਿਚ ਹੋਵੇਗਾ। ਭਾਰਤ ਸਰਕਾਰ ਵੱਲੋਂ ਕਾਫੀ ਸਮਾਂ ਪਹਿਲਾਂ ਪੰਜਾਬ ਸਰਕਾਰ ਨੂੰ ਇਸ ਸੰਮੇਲਨ ਸਬੰਧੀ ਸੂਚਿਤ ਕਰ ਦਿੱਤਾ ਗਿਆ ਸੀ ਤੇ ਇਸ ਮੰਤਵ ਲਈ 100 ਕਰੋੜ ਦੀ ਰਾਸ਼ੀ ਵੀ ਜਾਰੀ ਕੀਤੀ ਗਈ ਸੀ। ਦਸ ਦਈਏ ਕਿ ਜੀ-20 ਸੰਮੇਲਨ 15 ਮਾਰਚ ਤੋਂ 17 ਮਾਰਚ ਤੱਕ ਅੰਮ੍ਰਿਤਸਰ ‘ਚ ਆਯੋਜਿਤ ਕੀਤਾ ਗਿਆ ਹੈ।
ਭਾਰਤ ਸਰਕਾਰ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਦੇ ਉਚੇਰੀ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ ਡਾ. ਜਸਪਾਲ ਸਿੰਘ ਅਤੇ ਵਿਦੇਸ਼ੀ ਮਹਿਮਾਨ ਮੁੱਖ ਬੁਲਾਰਿਆਂ ਵਿੱਚ ਸ਼ਾਮਲ ਹੋਣਗੇ।
ਸੰਮੇਲਨ ‘ਚ ਜੀ-20 ਨਾਲ ਸਬੰਧਿਤ 28 ਮੁਲਕਾਂ ਦੇ ਲਗਭਗ 55 ਡੈਲੀਗੇਟ ਸ਼ਾਮਲ ਹੋਣਗੇ। ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਕਰਵਾਏ ਜਾ ਰਹੇ ਸੰਮੇਲਨ ‘ਚ ਸੈਮੀਨਾਰ, ਪ੍ਰਦਰਸ਼ਨੀਆਂ ਅਤੇ ਵੱਖ-ਵੱਖ ਕਾਰਜ ਸਮੂਹ ਦੀਆਂ ਮੀਟਿੰਗਾਂ ਸ਼ਾਮਲ ਹੋਣਗੀਆਂ। ਜੀ-20 ਦੇ ਸਾਰੇ ਮੈਂਬਰ ਰਲ ਬੈਠਣਗੇ ਅਤੇ ਜੀ-20 ਦੇਸ਼ਾਂ ਦੇ ਨੌਜਵਾਨਾਂ ਦੇ ਭਵਿੱਖ ਲਈ ਕੀ ਕੀਤਾ ਜਾ ਸਕਦਾ, ਇਸ ਲਈ ਵਿਚਾਰਾਂ ਕਰਨਗੇ। ਸਿਖਰ ਸੰਮੇਲਨ ਵਿੱਚ ਪੈਨਲ ਡਿਸਕਸ਼ਨ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਗਿਆ ਹੈ।