ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਵਿਖੇ ਸ੍ਰੀ ਗਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕੱਢੀ ਜਾ ਰਹੀ ਸ਼ੋਭਾ ਯਾਤਰਾ ‘ਚ ਹਾਜ਼ਰੀ ਲਗਵਾਉਣ ਪਹੁੰਚੇ। ਇਸ ਦੌਰਾਨ ਜਿਥੇ ਉਹਨਾਂ ਨੇ ਸਮੂਹ ਸੰਗਤ ਨੂੰ ਪ੍ਰਕਾਸ਼ ਪੂਰਬ ਦੀ ਵਧਾਈ ਦਿੱਤੀ ਉਥੇ ਹੀ ਉਹਨਾਂ ਨੇ ਲੋਕਾਂ ਨੂੰ ਗੁਰੂ ਜੀ ਦੀ ਸਿੱਖਿਆ ਤੋਂ ਜੀਵਨ ਦੀ ਸੇਧ ਲੈਣ ਦੀ ਗੱਲ ਕਹੀ। ਸੀ.ਐਮ. ਮਾਨ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮੰਗਣ ਵਾਲੇ ਨਹੀਂ ਸਗੋਂ ਨੌਕਰੀ ਦੇਣ ਵਾਲੇ ਬਣਾਵਾਂਗੇ। ਪੰਜਾਬ ਵਿਚ ਸਰਕਾਰੀ ਸਕੂਲਾਂ ਵਿਚ ਹਰ ਤਰ੍ਹਾਂ ਦੀ ਆਧੁਨਿਕ ਸਿੱਖਿਆ ਦਿੱਤੀ ਜਾਵੇਗੀ।
ਪਿਛਲੀਆਂ ਸਰਕਾਰਾਂ ‘ਤੇ ਤਿੱਖੇ ਸ਼ਬਦੀ ਹਮਲੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਮਾਹੌਲ ਇੰਦਾ ਬਣ ਚੁੱਕਿਆ ਹੈ ਕਿ ਇਥੇ ਗ਼ਰੀਬਾਂ ਨੂੰ ਆਪਣੇ ਹੀ ਲੁੱਟ ਰਹੇ ਹਨ। ਅੱਜ ਹਰ ਵਿਅਕਤੀ ਟੈਕਸ ਦੇ ਹੇਠਾਂ ਦੱਬਿਆ ਹੋਇਆ ਹੈ। ਹਰ ਵਿਅਕਤੀ ਸੁੱਤਾ ਹੋਇਆ ਵੀ ਇਥੇ ਟੈਕਸ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲਿਸਟ ਬਣਾ ਕੇ ਦਿਓ ਮੈਂ ਵਿਕਾਸ ਕਰਾਵਾਂਗਾ। ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ, ਜੋ ਅਸੀਂ ਕਰ ਨਹੀਂ ਸਕਦੇ, ਉਹ ਕਹਿੰਦੇ ਹੀ ਨਹੀਂ ਹਾਂ।