ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਈਪੀਐਸ ਅਧਿਕਾਰੀ ਜਯੋਤੀ ਯਾਦਵ ਦੇ ਵਿਆਹ ਦੀ ਤਰੀਕ ਦਾ ਐਲਾਨ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ 25 ਮਾਰਚ ਨੂੰ ਵਿਆਹ ਕਰਨ ਜਾ ਰਹੇ ਹਨ। ਜਾਣਕਾਰੀ ਮੁਤਾਬਕ ਵਿਆਹ ਦੀਆਂ ਰਸਮਾਂ ਨੰਗਲ ਦੇ ਗੁਰਦੁਆਰਾ ਸਾਹਿਬ ‘ਚ ਹੋਣਗੀਆਂ ਅਤੇ ਆਨੰਦ ਕਾਰਜ ਹੋਵੇਗਾ। ‘ਆਪ’ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਿਆਹ ‘ਚ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ, ਪੰਜਾਬ ਦੇ ਸੀਐੱਮ ਭਗਵੰਤ ਮਾਨ ਸਮੇਤ ਕਈ ਵੱਡੇ ਨੇਤਾ ਸ਼ਾਮਲ ਹੋਣਗੇ। ਉਨ੍ਹਾਂ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਦੱਸ ਦੇਈਏ ਕਿ ਜੋਤੀ ਯਾਦਵ ਦਾ ਪਰਿਵਾਰ ਗੁਰੂਗ੍ਰਾਮ ‘ਚ ਰਹਿੰਦਾ ਹੈ। ਜਯੋਤੀ, ਜੋ ਕਿ ਲੁਧਿਆਣਾ ਵਿੱਚ ਏਡੀਸੀਪੀ ਸੀ, ਮਾਨਸਾ ਵਿੱਚ ਐਸਪੀ ਹੈੱਡਕੁਆਰਟਰ ਵਜੋਂ ਤਾਇਨਾਤ ਹੈ।
ਇਥੇ ਦਸ ਦਈਏ ਕਿ 2019 ਬੈਚ ਦੀ ਆਈਪੀਐਸ ਅਧਿਕਾਰੀ ਪਿਛਲੇ ਸਾਲ ਜੁਲਾਈ ਵਿੱਚ ਸੁਰਖੀਆਂ ਵਿੱਚ ਆਈ ਸੀ ਜਦੋਂ ਉਹਨਾਂ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਲੁਧਿਆਣਾ ਦੱਖਣ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦਾ ਸਾਹਮਣਾ ਕਰਨਾ ਪਿਆ ਸੀ। ਵਿਧਾਇਕ ਨੇ ਜਯੋਤੀ ਯਾਦਵ ਨੂੰ “ਬਿਨਾਂ ਦੱਸੇ ਉਸ ਦੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਉਣ” ਲਈ ਸਾਰਿਆ ਸਾਹਮਣੇ ਤਾੜਨਾ ਕੀਤੀ ਸੀ। ਯਾਦਵ, ਜੋ ਕਿ ਉਸ ਸਮੇਂ ਲੁਧਿਆਣਾ ਵਿੱਚ ਏਸੀਪੀ ਵਜੋਂ ਤਾਇਨਾਤ ਸੀ, ਨੇ ਸ਼ਾਂਤ ਰਹਿੰਦਿਆਂ ਵਿਧਾਇਕ ਨੂੰ ਦੱਸਿਆ ਸੀ ਕਿ ਉਸਨੇ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਆਦੇਸ਼ਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਸੀ।