ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਸਿਆਸਤ ਤੋਂ ਸੰਨਿਆਸ ਲੈ ਸਕਦੇ ਹਨ। ਇਸ ਦਾ ਸੰਕੇਤ ਕਿਸੇ ਹੋਰ ਨੇ ਨਹੀਂ, ਬਲਕਿ ਖੁਦ ਸੋਨੀਆ ਗਾਂਧੀ ਵਲੋਂ ਦਿੱਤਾ ਗਿਆ ਹੈ। ਦਰਅਸਲ, ਛੱਤੀਸਗੜ੍ਹ ਦੇ ਰਾਏਪੁਰ ‘ਚ ਕਾਂਗਰਸ ਵਲੋਂ 85ਵੇਂ ਸੰਮੇਲਨ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਸੋਨੀਆ ਗਾਂਧੀ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਸਟੇਜ ਤੋਂ ਸੰਬੋਧਨ ਕਰਦਿਆਂ ਆਪਣੀ ਸਿਆਸੀ ਪਾਰੀ ਦੇ ਅੰਤ ਦਾ ਸੰਕੇਤ ਦਿੰਦੇ ਹੋਏ ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਸਿਆਸੀ ਪਾਰੀ ‘ਭਾਰਤ ਜੋੜੋ ਯਾਤਰਾ’ ਨਾਲ ਖਤਮ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਪਿਛਲੇ 25 ਸਾਲਾਂ ‘ਤੇ ਨਜ਼ਰ ਮਾਰੀਏ ਤਾਂ 2004 ਅਤੇ 2009 ਦੀਆਂ ਚੋਣਾਂ ਵਿਚ ਡਾ. ਮਨਮੋਹਨ ਸਿੰਘ ਜੀ ਦੀ ਯੋਗ ਅਗਵਾਈ ਨਾਲ ਸਾਡੀਆਂ ਜਿੱਤਾਂ ਨੇ ਮੈਨੂੰ ਨਿੱਜੀ ਤੌਰ ‘ਤੇ ਸੰਤੁਸ਼ਟੀ ਦਿੱਤੀ।
ਨਾਲ ਹੀ ਉਹਨਾਂ ਨੇ ਪ੍ਰਧਾਨ ਦੇ ਤੌਰ ‘ਤੇ ਆਪਣੀ ਪਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਮੇਰੇ ਲਈ ਸਨਮਾਨ ਦੀ ਗੱਲ ਸੀ ਕਿ ਮੈਂ ਸਾਲ 1998 ‘ਚ ਕਾਂਗਰਸ ਪ੍ਰਧਾਨ ਅਹੁਦਾ ਸੰਭਾਲਿਆ। 25 ਸਾਲਾਂ ਵਿਚ ਪਾਰਟੀ ਨੇ ਕਈ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਅਤੇ ਨਿਰਾਸ਼ਾ ਵੀ ਹੱਥ ਲੱਗੀ। ਸੋਨੀਆ ਨੇ ਅੱਗੇ ਕਿਹਾ ਕਿ ਇਹ ਬਹੁਤ ਸੁਖ਼ਦ ਸਥਿਤੀ ਹੈ ਕਿ ਪ੍ਰਧਾਨ ਦੇ ਤੌਰ ‘ਤੇ ਉਨ੍ਹਾਂ ਦੀ ਪਾਰੀ ‘ਭਾਰਤ ਜੋੜੋ ਯਾਤਰਾ’ ਨਾਲ ਪੂਰੀ ਹੋਈ।
ਸੋਨੀਆ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਸਰਕਾਰ ਨੇ ਸਾਰੀਆਂ ਸੰਸਥਾਵਾਂ ‘ਤੇ ਕਬਜ਼ਾ ਕਰ ਲਿਆ ਹੈ ਅਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਨਫ਼ਰਤ ਦੀ ਅੱਗ ਭੜਕਾਈ ਜਾ ਰਹੀ ਹੈ। ਇਹ ਦੇਸ਼ ਲਈ ਖਾਸ ਤੌਰ ‘ਤੇ ਚੁਣੌਤੀਪੂਰਨ ਸਮਾਂ ਹੈ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਨੇ ਲਗਾਤਾਰ ਹਰ ਇਕ ਸੰਸਥਾ ‘ਤੇ ਕਬਜ਼ਾ ਕੀਤਾ ਹੈ। ਅਨੁਸੂਚਿਤ ਜਾਤੀਆਂ, ਘੱਟ ਗਿਣਤੀਆਂ, ਔਰਤਾਂ ‘ਤੇ ਅੱਤਿਆਚਾਰ ਹੋ ਰਹੇ ਹਨ ਅਤੇ ਸਰਕਾਰ ਕੁਝ ਉਦਯੋਗਪਤੀਆਂ ਦਾ ਸਾਥ ਦੇ ਰਹੀ ਹੈ।