ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਬੀਤੇ ਕੱਲ੍ਹ ਦੂਜਾ ਪੇਪਰ ਰਹਿਤ ਬਜਟ ਪੇਸ਼ ਕੀਤਾ ਗਿਆ ਹੈ। ਸਾਲ 2023-24 ਪੂਰਾ ਬਜਟ ਪੇਸ਼ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਸਰਕਾਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਵਿਰੋਧੀਆਂ ਵਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਸਰਕਾਰ ਨੇ ਆਪਣੀਆਂ ਗਾਰੰਟੀਆਂ ਪੂਰੀਆਂ ਨਹੀਂ ਕੀਤੀਆਂ ਹਨ ਅਤੇ ਬਜਟ 2023-24 ‘ਆਪ’ ਸਰਕਾਰ ਦੀਆਂ ਅਸਫਲਤਾਵਾਂ ਦਾ ਸਬੂਤ ਹੈ। ਜਿਸ ਦਾ ਠੋਕਵਾਂ ਜਵਾਬ ਦਿੰਦਿਆਂ ਮੁੱਖ ਮੰਤਰੀ ਮਾਨ ਨੇ ਵਿਰੋਧੀਆਂ ਨੂੰ ਆੜੇ ਹੱਥੀ ਲਿਆ ਹੈ। ਟਵੀਟ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ “ਪੰਜਾਬ ਦੇ ਖ਼ਜ਼ਾਨੇ ਨੂੰ ‘ਖਾਲੀ ਪੀਪਾ” ਬਣਾ ਕੇ 9 ਵਾਰ ਬਜਟ ਪੇਸ਼ ਕਰਨ ਵਾਲੇ, ਜਿੰਨਾ ਦੇ ਰਿਸ਼ਤੇਦਾਰਾਂ ਦੇ ਨਾਮ ਉੱਤੇ “ਟੈਕਸ” ਵਸੂਲਿਆ ਜਾਂਦਾ ਰਿਹਾ, ਨੀਲੀ ਤੋਂ ਪੀਲ਼ੀ, ਪੀਲ਼ੀ ਤੋਂ ਚਿੱਟੀ ਤੇ ਚਿੱਟੀ ਤੋਂ ਭਗਵੀਂ ਪੱਗ ਰੰਗਣ ਵਾਲੇ ਵੀ ਸਾਡੇ ਲੋਕ ਪੱਖੀ ਬਜਟ ਬਾਰੇ ਨੁਕਤਾਚੀਨੀ ਕਰ ਰਹੇ ਨੇ। ਰੱਬ ਪੰਜਾਬ ਤੇ ਮੇਹਰ ਕਰੇ।”
ਪੰਜਾਬ ਦੇ ਖ਼ਜ਼ਾਨੇ ਨੂੰ ‘ਖਾਲੀ ਪੀਪਾ” ਬਣਾ ਕੇ 9 ਵਾਰ ਬਜਟ ਪੇਸ਼ ਕਰਨ ਵਾਲੇ ..ਜਿੰਨਾ ਦੇ ਰਿਸ਼ਤੇਦਾਰਾਂ ਦੇ ਨਾਮ ਉੱਤੇ “ਟੈਕਸ” ਵਸੂਲਿਆ ਜਾਂਦਾ ਰਿਹਾ ..ਨੀਲੀ ਤੋਂ ਪੀਲ਼ੀ..ਪੀਲ਼ੀ ਤੋਂ ਚਿੱਟੀ ਤੇ ਚਿੱਟੀ ਤੋਂ ਭਗਵੀਂ ਪੱਗ ਰੰਗਣ ਵਾਲੇ ਵੀ ਸਾਡੇ ਲੋਕ ਪੱਖੀ ਬਜਟ ਬਾਰੇ ਨੁਕਤਾਚੀਨੀ ਕਰ ਰਹੇ ਨੇ ! ..ਰੱਬ ਪੰਜਾਬ ਤੇ ਮੇਹਰ ਕਰੇ..
— Bhagwant Mann (@BhagwantMann) March 11, 2023
ਇਥੇ ਦਸਣਯੋਗ ਹੈ ਕਿ ਬਜਟ ਪੇਸ਼ ਹੋਣ ਤੋਂ ਬਾਅਦ ਬੀਜੇਪੀ ਵਲੋਂ ਇਕ ਪ੍ਰੈੱਸ ਵਾਰਤਾ ਕੀਤੀ ਗਈ ਸੀ। ਇਸ ਦੌਰਾਨ ਮਨਪ੍ਰੀਤ ਬਾਦਲ ਨੇ ਕਿਹਾ ਸੀ ਕਿ ਇਹ ਹੈ ਆਮ ਆਦਮੀ ਪਾਰਟੀ ਦਾ ਬਜਟ, ਗੱਲਾਂ ਵਿਚ ਲੰਮਾ, ਕਾਰਵਾਈ ਵਿਚ ਛੋਟਾ ਹੈ। ਇਸ ਸਰਕਾਰ ਨੇ ਇਸ਼ਤਿਹਾਰਾਂ ਅਤੇ ਪ੍ਰਚਾਰ ’ਤੇ ਕਿੰਨਾ ਪੈਸਾ ਖਰਚ ਕੀਤਾ ਹੈ, ਜੋ ਕਿ ਮੈਂ ਪੁਖ਼ਤਾ ਦਸਤਾਵੇਜਾਂ ਸਮੇਤ ਤੱਥਾਂ ਦੇ ਅਧਾਰ ‘ਤੇ ਜ਼ਰੂਰ ਖ਼ੁਲਾਸਾ ਕਰਾਂਗਾ। ਇਸ ਦੇ ਨਾਲ ਹੀ ਵਿਧਾਨ ਸਭਾ ਵਿਚ ਪੇਸ਼ ਕੀਤੇ ਬਜਟ ’ਤੇ ਪ੍ਰਤੀਕਰਮ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮਾਲੀਏ ਵਿਚ ਵਾਧੇ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਅੰਕੜਿਆਂ ਦਾ ਹੇਰ-ਫੇਰ ਕਰਕੇ ਪੰਜਾਬੀਆਂ ਤੋਂ ਸੱਚਾਈ ਲੁਕਾਈ ਗਈ ਹੈ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਸੂਬੇ ਸਿਰ ਕਰਜ਼ਾ 42181 ਕਰੋੜ ਰੁਪਏ ਹੋਰ ਵੱਧ ਕੇ 3.47 ਲੱਖ ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਰਜ਼ਾ ਜੀ.ਐੱਸ.ਡੀ.ਪੀ. ਦਾ 46.81 ਫੀਸਦੀ ਬਣਦਾ ਹੈ ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸੂਬਾ ਆਰਥਿਕ ਕੰਗਾਲੀ ਵੱਲ ਵਧ ਰਿਹਾ ਹੈ।
ਹੋਰ ਤਾਂ ਹੋਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਜਟ ’ਤੇ ਬੋਲਦਿਆਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤੇ ਗਏ ਬਜਟ ਵਿਚ ਕੀਤੇ ਗਏ ਆਪਣੇ ਹੀ ਐਲਾਨਾਂ ਨਾਲ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ। ਵੜਿੰਗ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਬਜਟ ਨੇ ਫੇਲ੍ਹ ਹੋਈ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ ਹੈ। ਵੜਿੰਗ ਨੇ ਟਿੱਪਣੀ ਕਰਦਿਆਂ ਕਿਹਾ ਕਿ ਬਜਟ 2023-24 ‘ਆਪ’ ਸਰਕਾਰ ਦੀਆਂ ਅਸਫਲਤਾਵਾਂ ਦਾ ਸਬੂਤ ਹੈ। ਇਸ ਤੋਂ ਇਲਾਵਾ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ’ਤੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ‘ਖੋਦਿਆ ਪਹਾੜ ਅਤੇ ਨਿਕਲਿਆ ਚੂਹਾ’ ਵਾਲੀ ਕਹਾਵਤ ਨੂੰ ਸੱਚ ਕਰਨ ਵਾਲਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਬਜਟ ਤੋਂ ਸੂਬੇ ਦੀ ਜਨਤਾ ਨੂੰ ਬਹੁਤ ਉਮੀਦਾਂ ਸਨ ਪਰ ਇਹ ਬਜਟ ਸਭ ਨੂੰ ਪ੍ਰੇਸ਼ਾਨ ਕਰਨ ਵਾਲਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਚੁੱਕੀ ਹੈ। ਭਗਵੰਤ ਮਾਨ ਸਰਕਾਰ ਨੇ ਇਸ ਬਜਟ ਵਿਚ ਨਾ ਤਾਂ ਕਿਸਾਨਾਂ ਦੇ ਕਰਜ਼ਾ ਮੁਆਫ਼ੀ ’ਤੇ ਨਾ ਹੀ ਔਰਤਾਂ ਨੂੰ ਇਕ ਹਜ਼ਾਰ ਪ੍ਰਤੀ ਮਹੀਨਾ ਦੇਣ ਦਾ ਕੋਈ ਐਲਾਨ ਕੀਤਾ।