ਲੋਕ ਸਭਾ ‘ਚ ਚੱਲ ਰਹੇ ਸੈਸ਼ਨ ਦੌਰਾਨ ਵੱਖ–ਵੱਖ ਸਿਆਸੀ ਆਗੂਆਂ ਵਲੋਂ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦਰਮਿਆਨ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਵਿਚ ਜਿਥੇ ਪੰਜਾਬ ਨੂੰ ਚੰਡੀਗੜ੍ਹ ਸੌਂਪਣ ਦੀ ਗੱਲ ਕਹੀ ਉਥੇ ਹੀ ਉਹਨਾਂ ਨੇ ਸੰਸਦ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਈਮਾਨ ਆਖ ਦਿੱਤਾ। ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਬਜਟ ਵਿਚ ਕਿਸਾਨਾਂ ਅਤੇ ਪੰਜਾਬ ਲਈ ਕੋਈ ਐਲਾਨ ਨਾ ਕਰਨ ਦੀ ਨਿੰਦਾ ਕੀਤੀ। ਸਾਬਕਾ ਕੇਂਦਰੀ ਮੰਤਰੀ ਬੀਬਾ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਕਿਸਾਨਾਂ ਨੂੰ MSP ਦੀ ਗਰੰਟੀ ਦੇਣਗੇ ਪਰ ਬਜਟ ‘ਚ ਇਸ ਤਰੀਕੇ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕਾਂਗਰਸ ਦੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਬੰਦੀ ਸਿਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਅਤੇ ਰਾਮ–ਰਹੀਮ ਨੂੰ ਮਿਲ ਰਹੀ ਪੈਰੋਲ ਦਾ ਵਿਰੋਧ ਕੀਤਾ। ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਵਲੋਂ ਲਿਆਂਦੀ ਗਈ ਅਗਨੀਵੀਰ ਯੋਜਨਾ ‘ਤੇ ਵੀ ਕਈ ਸਾਰੇ ਸਵਾਲ ਚੁੱਕੇ ਹਨ। ਨਾਲ ਹੀ ਉਹਨਾ ਕਿਹਾ ਕਿ ਕੇਂਦਰ ਸਰਕਾਰ ਨੌਜਵਾਨਾਂ ਦਾ ਸੋਸ਼ਣ ਕਰ ਰਹੀ ਹੈ।