ਦੋ ਵਾਰ ਦੀਆਂ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਭਾਰਤੀ ਵੇਟਲਿਫਟਰ ਸੰਜੀਤਾ ਚਾਨੂ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਹੈ ਜਦੋਂ ਵੇਟਲਿਫਟਰ ਸੰਜੀਤਾ ਚਾਨੂ ‘ਤੇ 4 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ। ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਦੇ ਅਨੁਸ਼ਾਸਨੀ ਪੈਨਲ ਨੇ ਇਹ ਫੈਸਲਾ ਉਦੋਂ ਲਿਆ ਜਦੋਂ ਸੰਜੀਤਾ ਚਾਨੂ ਪਿਛਲੇ ਸਾਲ ਕੀਤੇ ਗਏ ਡੋਪ ਟੈਸਟ ਵਿੱਚ ਫੇਲ੍ਹ ਹੋ ਗਈ। ਇਸ ਕਾਰਨ ਹੁਣ ਉਹਨਾਂ ‘ਤੇ ਚਾਰ ਸਾਲ ਦੀ ਇਹ ਪਾਬੰਦੀ ਲਗਾ ਦਿੱਤੀ ਹੈ। 29 ਸਾਲਾਂ ਸੰਜੀਤਾ ਪਿਛਲੇ ਸਾਲ ਸਤੰਬਰ-ਅਕਤੂਬਰ ਵਿੱਚ ਗੁਜਰਾਤ ਵਿੱਚ ਕੌਮੀ ਖੇਡਾਂ ਦੌਰਾਨ ਟੈਸਟ ਵਿੱਚ ਐਨਾਬੌਲਿਕ ਸਟੀਰੌਇਡ-ਡਰੋਸਟੈਨੋਲੋਨ ਮੈਟਬੋਲਾਈਟ ਲਈ ਪਾਜ਼ੇਟਿਵ ਪਾਈ ਗਈ ਸੀ, ਜਿਹੜੀ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਦੀ ਪਾਬੰਦੀਸ਼ੁਦਾ ਸੂਚੀ ਵਿੱਚ ਸ਼ਾਮਲ ਹੈ।
ਖੇਡਾਂ ਦੌਰਾਨ 30 ਸਤੰਬਰ 2022 ਨੂੰ ਡੋਪ ਟੈਸਟ ਲਈ ਉਸ ਦਾ ਨਮੂਨਾ ਲਿਆ ਗਿਆ ਹੈ। ਚੇਤੰਨਿਆ ਮਹਾਜਨ ਦੀ ਅਗਵਾਈ ਵਾਲੇ ਨਾਡਾ ਪੈਨਲ ਨੇ ਆਪਣੀ ਰਿਪੋਰਟ ਵਿੱਚ ਕਿਹਾ, ‘‘ਇਹ ਮੰਨਿਆ ਜਾਂਦਾ ਹੈ ਕਿ ਖਿਡਾਰੀ ਨੇ ਨਾਡਾ ਏਡੀਆਰ, 2021 ਦੇ ਆਰਟੀਕਲ 2.1 ਤੇ 2.2 ਦੀ ਉਲੰਘਣਾ ਕੀਤੀ ਹੈ, ਇਸ ਕਰਕੇ ਉਸ ’ਤੇ ਨਾਡਾ ਏਡੀਆਰ, 2021 ਦੇ ਆਰਟੀਕਲ 10.2.1 ਦੇ ਮੁਤਾਬਕ ਚਾਰ ਸਾਲਾਂ ਲਈ ਪਾਬੰਦੀ ਲਾਈ ਜਾਂਦੀ ਹੈ।’’
ਹੁਕਮਾਂ ਮੁਤਾਬਕ ਸੰਜੀਤਾ ਚਾਨੂ ’ਤੇ ਪਾਬੰਦੀ 12 ਨਵੰਬਰ ਤੋਂ 2022 ਤੋਂ ਲਾਗੂ ਮੰਨੀ ਜਾਵੇਗੀ ਜਦੋਂ ਉਸ ਨੂੰ ਆਰਜ਼ੀ ਤੌਰ ’ਤੇ ਮੁਅੱਤਲ ਕੀਤਾ ਗਿਆ ਸੀ। ਸੰਜੀਤਾ ਲਈ ਇਹ ਇੱਕ ਵੱਡਾ ਝਟਕਾ ਹੈ। ਚਾਨੂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ ਜੋ ਉਸ ਤੋਂ ਵਾਪਸ ਲੈ ਲਿਆ ਗਿਆ ਹੈ।
ਇਸੇ ਤਰ੍ਹਾਂ ਬਰਤਾਨੀਆ ਦੇ ਸੰਨਿਆਸ ਲੈ ਚੁੱਕੇ ਮੁੱਕੇਬਾਜ਼ ਆਮਿਰ ਖ਼ਾਨ ’ਤੇ ਕਰੀਅਰ ਦੇ ਆਖਰੀ ਮੁਕਾਬਲੇ ਮਗਰੋਂ ਪਾਬੰਦੀਸ਼ੁਦਾ ਦਵਾਈ ਲੈਣ ਲਈ ਪਾਜ਼ੇਟਿਵ ਪਾਏ ਜਾਣ ’ਤੇ ਦੋ ਸਾਲਾਂ ਦੀ ਪਾਬੰਦੀ ਲਾਈ ਗਈ ਹੈ। ਸਾਬਕਾ ਲਾਈਟ ਵੈਲਟਰਵੇਟ ਵਿਸ਼ਵ ਚੈਂਪੀਅਨ ਤੇ ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਆਮਿਰ ਖ਼ਾਨ ਫਰਵਰੀ 2022 ਵਿੱਚ ਮਾਨਚੈਸਟਰ ਵਿੱਚ ਕੈਲ ਬਰੁੱਕ ਵਿਰੁੱਧ ਮੁਕਾਬਲੇ ਵਿੱਚ ਹਾਰ ਤੋਂ ਬਾਅਦ ਓਸਟਰਾਈਨ ਲਈ ਪਾਜ਼ੇਟਿਵ ਪਾਇਆ ਗਿਆ ਸੀ ਜੋ ਐਨਾਬੌਲਿਕ ਏਜੰਟ ਹੈ। ਬਰਤਾਨੀਆ ਦੀ ਡੋਪਿੰਗ ਰੋਕੂ ਸੰਸਥਾ ਨੇ ਇਹ ਜਾਣਕਾਰੀ ਦਿੱਤੀ।