ਅੰਬਾਲਾ : ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿੱਚ ਮਹਿਲਾ ਲੈਫਟੀਨੈਂਟ ਵੱਲੋਂ ਖੁਦਕੁਸ਼ੀ (Woman lieutenant commits suicide) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਭਾਰਤੀ ਫੌਜ ਦੇ ਮੈਡੀਕਲ ਕੋਰ ਵਿੱਚ ਤਾਇਨਾਤ ਸਾਕਸ਼ੀ ਨੇ ਸ਼ੱਕੀ ਹਾਲਾਤਾਂ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਹ ਅੰਬਾਲਾ ਛਾਉਣੀ ਦੇ ਰੇਸ ਕੋਰਸ ਨਿਵਾਸ ਵਿਖੇ ਪੱਖੇ ਨਾਲ ਲਟਕਦੀ ਮਿਲੀ ਸੀ। ਉਸ ਨੂੰ ਤੁਰੰਤ ਆਰਮੀ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਸਾਕਸ਼ੀ ਦੇ ਪਿਤਾ ਅਤੇ ਭਰਾ ਨੇ ਪਤੀ ‘ਤੇ ਦਾਜ ਲਈ ਉਸ ਦੀ ਧੀ ਦੀ ਹੱਤਿਆ (Murder For Dowry) ਕਰਨ ਦਾ ਦੋਸ਼ ਲਾਇਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੈਜੀਮੈਂਟ ਚੌਕੀ ਇੰਚਾਰਜ ਕੁਸ਼ਲ ਪਾਲ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਲੈਫਟੀਨੈਂਟ ਸਾਕਸ਼ੀ ਵਜੋਂ ਹੋਈ ਹੈ। ਉਸ ਦੇ ਪਤੀ ਦਾ ਨਾਮ ਸਕੁਐਡਰਨ ਲੀਡਰ ਨਵਨੀਤ ਹੈ। ਦਿੱਲੀ ਨਿਵਾਸੀ ਸਾਕਸ਼ੀ ਦੇ ਪਿਤਾ ਨੇ ਦੱਸਿਆ ਕਿ ਸਾਕਸ਼ੀ ਉਸ ਨੂੰ ਨਵਨੀਤ ਦੁਆਰਾ ਅਕਸਰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਪ੍ਰੇਸ਼ਾਨ ਕਰਨ ਬਾਰੇ ਕਹਿੰਦੀ ਸੀ। ਦਸੰਬਰ 2020 ਵਿਚ ਵੀ ਨਵਨੀਤ ਨੇ ਸਾਕਸ਼ੀ ‘ਤੇ ਹਮਲਾ ਕੀਤਾ ਸੀ, ਪਰ ਫਿਰ ਮਾਮਲਾ ਸੁਲਝ ਗਿਆ।