ਰਿਸ਼ਵਤਖੋਰੀ ‘ਤੇ ਨੱਥ ਪਾਉਣ ਲਈ ਪੰਜਾਬ ਸਰਕਾਰ ਵਲੋਂ ਕਿਸੇ ਨੂੰ ਵੀ ਨਾ ਬਖ਼ਸ਼ਨ ਦੀ ਗੱਲ ਕਹੀ ਜਾਂਦੀ ਹੈ। ਪਰ ਹੁਣ ਕੀ ਜਦੋਂ ‘ਆਪ’ ਦੇ ਵਿਧਾਇਕ ਦਾ ਪੀ.ਏ. ਰਿਸ਼ਵਤ ਲੈਂਦਾ ਕਾਬੂ ਹੋ ਚੁੱਕਾ ਹੈ।
ਅੱਜ ਵਿਜੀਲੈਂਸ ਨੇ ਵੱਡੀ ਕਾਰਵਾਈ ਕਰਦਿਆਂ ‘ਆਪ’ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਪੀ.ਏ. ਰੇਸ਼ਮ ਗਰਗ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਮਹਿਲਾ ਸਰਪੰਚ ਦੇ ਪਤੀ ਤੋਂ ਕਥਿਤ ਤੌਰ ‘ਤੇ 4 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਪੀ.ਏ. ਰੇਸ਼ਮ ਗਰਗ ਨੇ ਪਿੰਡ ਗੁੱਡਾ ਦੇ ਸਰਪੰਚ ਤੋਂ ਬਿੱਲ ਪਾਸ ਕਰਵਾਉਣ ਦੇ ਬਦਲੇ 4 ਲੱਖ ਰੁਪਏ ਰਿਸ਼ਵਤ ਲੈਣ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਸਰਪੰਚ ਦੀ ਸ਼ਿਕਾਇਤ ‘ਤੇ ਟਰੈਪ ਲਗਾ ਕੇ ਉਸਨੂੰ ਕਾਬੂ ਕਰ ਲਿਆ ਹੈ।
ਦੱਸਿਆ ਜਾਂਦਾ ਹੈ ਕਿ ਵਿਧਾਇਕ ਦੇ ਪੀ.ਏ. ਰੇਸ਼ਮ ਗਰਗ ਨੇ ਰਿਸ਼ਵਤ ਦੀ ਰਕਮ ਲੈ ਕੇ ਕਾਰ ‘ਚ ਰੱਖੀ ਸੀ। ਉਸ ਸਮੇਂ ਵਿਧਾਇਕ ਕੋਟਫੱਤਾ ਕਾਰ ਤੋਂ ਹੇਠਾਂ ਉਤਰ ਕੇ ਕੁਝ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ। ਵਿਜੀਲੈਂਸ ਨੇ ਇਹ ਕਾਰਵਾਈ ਡੀਐਸਪੀ ਸੰਦੀਪ ਸਿੰਘ ਦੀ ਅਗਵਾਈ ਵਿੱਚ ਕੀਤੀ। ਪੀਏ ਰੇਸ਼ਮ ਸਿੰਘ ਨੇ ਵੀ ਗ੍ਰਿਫਤਾਰੀ ਦੌਰਾਨ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।