ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਗੋਲੀਬਾਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਦਾ ਇਹ ਮੁਕਾਬਲਾ ਛੇਹਰਟਾ ਇਲਾਕੇ ਵਿਚ ਹੋਇਆ ਹੈ। ਪੁਲਿਸ ਨੇ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੂੰ ਇਕ ਘਰ ਦੀ ਪਾਣੀ ਵਾਲੀ ਟੈਂਕੀ ਵਿਚੋਂ ਚਾਰ ਪਿਸਟਲ ਅਤੇ ਦੋ ਪਿਸਟਲ ਘਰ ਦੇ ਪਿਛਲੇ ਪਾਸੇ ਤੋਂ ਬਰਾਮਦ ਹੋਏ ਹਨ। ਇਹ ਗੈਂਗਸਟਰ ਇੱਕ ਕਤਲ ਕੇਸ ਵਿੱਚ ਲੋੜੀਂਦੇ ਸਨ। ਜਦੋਂ ਪੁਲਿਸ ਨੇ ਗੈਂਗਸਟਰਾਂ ਨੂੰ ਰੋਕਿਆ ਤਾਂ ਇਨ੍ਹਾਂ ਨੇ ਪੁਲਿਸ ਉਤੇ ਫਾਇਰਿੰਗ ਕਰ ਦਿੱਤੀ ਅਤੇ ਭੱਜ ਗਏ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਫਾਇਰਿੰਗ ਕੀਤੀ ਅਤੇ ਦੋਵੇਂ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ। ਫੜੇ ਗਏ ਇੱਕ ਗੈਂਗਸਟਰ ਦੀ ਪਛਾਣ ਰਵੀ ਵਜੋਂ ਹੋਈ ਹੈ। ਉਹ ਨਾਰਾਇਣਗੜ੍ਹ ਦਾ ਰਹਿਣ ਵਾਲਾ ਹੈ।
ਉਕਤ ਵਾਰਦਾਤ ਛੇਹਰਟਾ ਖੇਤਰ ਅਧੀਨ ਪੈਂਦੇ ਨਰਾਇਣਗੜ੍ਹ ਵਿੱਚ 40 ਫੁੱਟ ਰੋਡ ’ਤੇ ਵਾਪਰੀ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਕਾਰ ਵਿਚ ਕਰੀਬ 5 ਗੈਂਗਸਟਰ ਆ ਰਹੇ ਹਨ। ਇਸ ਤੋਂ ਬਾਅਦ ਪੁਲਿਸ ਨੇ ਉਕਤ ਸਥਾਨ ‘ਤੇ ਨਾਕਾ ਲਾਇਆ। ਜਦੋਂ ਨਾਕੇ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਥੇ ਮੌਜੂਦ ਗੈਂਗਸਟਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਮੌਕੇ ‘ਤੇ ਹਫ਼ੜਾ-ਦਫ਼ੜੀ ਮਚ ਗਈ ਅਤੇ ਪੁਲਿਸ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਇਸ ਦਾ ਫਾਇਦਾ ਉਠਾਉਂਦੇ ਹੋਏ ਗੈਂਗਸਟਰ ਗੱਡੀ ‘ਚ ਬੈਠ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਕਾਰ ਦਾ ਪਿੱਛਾ ਕਰਕੇ ਜਵਾਬੀ ਕਾਰਵਾਈ ਕੀਤੀ। ਪੁਲਿਸ ਤੋਂ ਬਚਣ ਲਈ ਗੈਂਗਸਟਰ ਇਕ ਘਰ ਵਿੱਚ ਵੜ ਗਏ। ਇਸ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਘਰ ‘ਚ ਦਾਖ਼ਲ ਹੋਏ ਦੋ ਗੈਂਗਸਟਰਾਂ ਨੂੰ ਤਲਾਸ਼ੀ ਮੁਹਿੰਮ ਚਲਾ ਕੇ ਕਾਬੂ ਕਰ ਲਿਆ ਗਿਆ। ਛੇਹਰਟਾ ਟਾਊਨ ਚੌਂਕੀ ਇੰਚਾਰਜ ਏ. ਐੱਸ. ਆਈ. ਬਲਵਿੰਦਰ ਸਿੰਘ ਦੀ ਟੀਮ ਵੱਲੋਂ ਦੋ ਗੈਂਗਸਟਰਾਂ ਨੂੰ ਦਬੋਚ ਲਿਆ ਗਿਆ। ਇਨ੍ਹਾਂ ਗੈਂਗਸਟਰਾਂ ਦੀ ਪਛਾਣ ਕਪੱਤਗੜ ਛੇਹਰਟਾ ਵਾਸੀ ਰਵੀ ਅਤੇ ਤਰਨਤਾਰਨ ਵਾਸੀ ਰਫੀ ਦੇ ਰੂਪ ਵਿੱਚ ਹੋਈ ਹੈ। ਇਨ੍ਹਾਂ ਦੇ ਕੋਲੋਂ ਜਿਨ੍ਹਾਂ ਦੇ ਕੋਲੋਂ 5 ਪਿਸਤੌਲ ਅਤੇ ਕਰੀਬ ਦੋ ਦਰਜਨ ਕਰਤੂਸ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਨ। ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।