ਇਸ ਵੇਲੇ ਦੀ ਵੱਡੀ ਖ਼ਬਰ ਜੰਮੂ-ਕਸ਼ਮੀਰ ਤੋਂ ਸਾਹਮਣੇ ਆਈ ਹੈ ਜਿਥੇ ਇਕ ਭਿਆਨਕ ਹਾਦਸਾ ਵਾਪਰਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਤੋਂ ਮਾਤਾ ਵੈਸ਼ਨੋ ਦੇਵੀ ਦਰਸ਼ਨਾਂ ਲਈ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਭਿਆਨਕ ਖ਼ੱਡ ਵਿਚ ਡਿੱਗ ਗਈ ਜਿਸ ਨਾਲ ਤਕਰੀਬਨ 10 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਹੈ ਜਦੋਂ ਕਿ 60 ਤੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਗਿਆ ਹੈ। ਹਾਸਲ ਜਾਣਕਾਰੀ ਅਨੁਸਾਰ ਬੱਸ ‘ਚ 75 ਦੇ ਕਰੀਬ ਸ਼ਰਧਾਲੂ ਸਵਾਰ ਸਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪਰਿਵਾਰ ਬੱਚੇ ਦੇ ਮੁੰਡਨ ਲਈ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਜਾ ਰਿਹਾ ਸੀ ਅਤੇ ਜੰਮੂ ‘ਚ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।
ਇਸ ਦੌਰਾਨ ਜਦੋਂ ਬੱਸ ਜੰਮੂ-ਕਸ਼ਮੀਰ ਦੇ ਝੱਜਰ ਕੋਟਲੀ ਨੇੜੇ ਪੁੱਜੀ ਤਾਂ ਬੱਸ ਖੱਡ ‘ਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਵੱਲੋਂ ਬੱਸ ਦਾ ਸੰਤੁਲਨ ਖੋਹ ਜਾਣ ਕਾਰਨ ਬੱਸ ਖੱਡ ‘ਚ ਡਿੱਗ ਗਈ। ਚਸ਼ਮਦੀਦਾਂ ਦੇ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਪਰਖੱਚੇ ਤੱਕ ਉੱਡ ਗਏ।
ਮੌਕੇ ‘ਤੇ ਬੀ. ਐੱਸ. ਐੱਫ. ਜਵਾਨਾਂ ਅਤੇ ਪੁਲਸ ਅਧਿਕਾਰੀਆਂ ਵਲੋਂ ਰਾਹਤ ਕਾਰਜ ਚਲਾਇਆ ਗਿਆ ਹੈ, ਜੋ ਬੱਸ ‘ਚ ਯਾਤਰੀਆਂ ਨੂੰ ਬਾਹਰ ਕੱਢ ਰਹੇ ਹਨ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।