ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਤੁਰਕੀ ਅਤੇ ਸੀਰੀਆ ਤੋਂ ਸਾਹਮਣੇ ਆ ਰਹੀਆਂ ਹਨ ਜਦੋਂ ਤੋਂ 6 ਫਰਵਰੀ ਨੂੰ ਇਕ ਘਾਤਕ 7.8 ਤੀਬਰਤਾ ਵਾਲੇ ਭੂਚਾਲ ਨੇ ਤਬਾਹੀ ਮਚਾਈ। ਜਿਸ ਨਾਲ ਦੋਵਾਂ ਦੇਸ਼ਾਂ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਅਤੇ ਅਨੇਕਾਂ ਹੋਰ ਜ਼ਖਮੀ ਹੋਏ। ਜਦੋਂ ਬਚਾਅ ਟੀਮਾਂ ਮਲਬੇ ਹੇਠ ਫਸੇ ਲੋਕਾਂ ਨੂੰ ਬਚਾਉਣ ਲਈ ਪਹੁੰਚੀਆਂ, ਤਾਂ ਸੋਸ਼ਲ ਮੀਡੀਆ ‘ਤੇ ਇਕ ਲੜਕੀ ਦੀ ਆਪਣੇ ਛੋਟੇ ਭਰਾ ਨੂੰ ਬਚਾਉਣ ਦੀ ਚਲਦੀ ਤਸਵੀਰ ਵਾਇਰਲ ਹੋ ਰਹੀ ਹੈ। ਇਹ ਤਸਵੀਰ ਸੱਤ ਸਾਲ ਦੀ ਬੱਚੀ ਅਤੇ ਉਸਦੇ ਭਰਾ ਦੀ ਹੈ। ਇਨ੍ਹਾਂ ਦੋਵਾਂ ਬੱਚਿਆਂ ਨੂੰ 17 ਘੰਟਿਆਂ ਬਾਅਦ ਮਲਬੇ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਭੂਚਾਲ ਦੇ ਮਲਬੇ ਦੇ ਅੰਦਰ ਇਹ ਬੱਚੀ ਬਿਨਾਂ ਕਿਸੇ ਡਰ ਦੇ ਆਪਣੇ ਭਰਾ ਦੀ ਰੱਖਿਆ ਕਰਦੀ ਰਹੀ। ਉਸ ਦੀ ਪਿੱਠ ਦੇ ਬਿਲਕੁਲ ਉੱਪਰ ਪੱਥਰ ਸੀ ਪਰ ਉਹ ਆਪਣੇ ਪਿਆਰੇ ਭਰਾ ਨੂੰ ਸੱਟ ਨਹੀਂ ਲੱਗਣ ਦੇਣਾ ਚਾਹੁੰਦੀ ਸੀ। ਇਸ ਤਸਵੀਰ ਨੂੰ ਟਵੀਟ ਕਰਨ ਵਾਲੇ ਸੰਯੁਕਤ ਰਾਸ਼ਟਰ (ਯੂ.ਐਨ.) ਦੇ ਪ੍ਰਤੀਨਿਧੀ ਮੁਹੰਮਦ ਸਫਾ ਨੇ ਇਸ ਬੱਚੇ ਨੂੰ ਉਸ ਦਾ ਭਰਾ ਦੱਸਿਆ ਹੈ। ਸਫਾ ਨੇ ਲਿਖਿਆ ਕਿ ‘ਇਹ ਸੱਤ ਸਾਲ ਦੀ ਬੱਚੀ ਸਿਰ ‘ਤੇ ਹੱਥ ਰੱਖ ਕੇ ਆਪਣੇ ਛੋਟੇ ਭਰਾ ਦੀ ਰੱਖਿਆ ਕਰ ਰਹੀ ਹੈ, ਜਦੋਂ ਕਿ ਦੋਵੇਂ 17 ਘੰਟਿਆਂ ਤੋਂ ਮਲਬੇ ‘ਚ ਫਸੇ ਹੋਏ ਸਨ। ਇਸ ਤਸਵੀਰ ਨੂੰ ਕਿਸੇ ਨੇ ਵੀ ਸ਼ੇਅਰ ਨਹੀਂ ਕੀਤਾ ਅਤੇ ਜੇਕਰ ਉਸ ਦੀ ਮੌਤ ਹੋ ਜਾਂਦੀ ਤਾਂ ਹਰ ਕੋਈ ਇਸ ਨੂੰ ਸ਼ੇਅਰ ਕਰ ਰਿਹਾ ਹੁੰਦਾ। ਸਫਾ ਨੇ ਅੰਤ ‘ਚ ਲਿਖਿਆ, ‘ਸਕਾਰਾਤਮਕਤਾ ਨੂੰ ਸਾਂਝਾ ਕਰੋ।’
ਤੁਰਕੀ ਅਤੇ ਸੀਰੀਆ ਦੋਹਾਂ ਦੇਸ਼ਾਂ ਵਿਚ ਕਾਫੀ ਤਬਾਹੀ ਹੋਈ ਹੈ। ਠੰਢ ਕਾਰਨ ਤਾਪਮਾਨ ਇੱਥੇ ਰਾਹਤ ਕਾਰਜਾਂ ਵਿੱਚ ਰੁਕਾਵਟ ਪਾ ਰਿਹਾ ਹੈ। ਰਾਹਤ ਅਤੇ ਬਚਾਅ ਕਰਮਚਾਰੀ ਮਲਬੇ ਵਿੱਚੋਂ ਲੋਕਾਂ ਨੂੰ ਕੱਢਣ ਲਈ ਅਣਥੱਕ ਮਿਹਨਤ ਕਰ ਰਹੇ ਹਨ।ਅਧਿਕਾਰੀਆਂ ਨੂੰ ਡਰ ਹੈ ਕਿ ਸੋਮਵਾਰ ਨੂੰ ਆਏ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਭੂਚਾਲ ਤੋਂ ਬਾਅਦ ਲਗਾਤਾਰ ਆ ਰਹੇ ਝਟਕਿਆਂ ਨੇ ਸਥਿਤੀ ਨੂੰ ਨਾਜ਼ੁਕ ਬਣਾ ਦਿੱਤਾ ਹੈ। ਤੁਰਕੀ ਅਤੇ ਸੀਰੀਆ ਦੋਹਾਂ ਦੇਸ਼ਾਂ ਵਿਚ ਬਰਫੀਲੀ ਤੂਫਾਨ ਹੈ। ਇਸ ਕਾਰਨ ਤਾਪਮਾਨ ਸਿਫ਼ਰ ਤੋਂ ਹੇਠਾਂ ਚਲਾ ਗਿਆ ਹੈ।
ਰਿਪੋਰਟਾਂ ਮੁਤਾਬਕ ਇਸ ਸਮੇਂ ਬਾਗੀਆਂ ਦੇ ਕਬਜ਼ੇ ਵਾਲੀ ਜ਼ਮੀਨ ‘ਤੇ ਸੈਂਕੜੇ ਪਰਿਵਾਰ ਮਲਬੇ ਹੇਠ ਦੱਬੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਤੁਰਕੀ ‘ਚ ਭੂਚਾਲ ਨਾਲ ਕਰੀਬ 1700 ਇਮਾਰਤਾਂ ਢਹਿ ਗਈਆਂ ਹਨ। ਤੁਰਕੀ ਦੇ ਦਿਯਾਰਬਾਕਿਰ ਤੋਂ ਇਲਾਵਾ ਸੀਰੀਆ ਦੇ ਅਲੇਪੋ ਅਤੇ ਹਾਮਾ ‘ਚ ਥਾਂ-ਥਾਂ ਇਮਾਰਤਾਂ ਦਾ ਮਲਬਾ ਪਿਆ ਹੈ। ਇਹ ਮਲਬਾ ਉੱਤਰ-ਪੂਰਬ ਦਿਸ਼ਾ ਵਿੱਚ 330 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਦਸਣਯੋਗ ਹੈ ਕਿ ਜ਼ਬਰਦਸਤ ਭੂਚਾਲ ਕਾਰਨ ਤੁਰਕੀ ਅਤੇ ਸੀਰੀਆ ਵਿਚ ਮਰਨ ਵਾਲਿਆਂ ਦੀ ਗਿਣਤੀ 8000 ਨੂੰ ਪਾਰ ਕਰ ਗਈ ਹੈ। ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਦਾ ਅਨੁਮਾਨ ਹੈ ਕਿ 20,000 ਤੱਕ ਮੌਤ ਹੋ ਸਕਦੀ ਹੈ।