ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚ ਹੋਈ ਗੈਂਗਵਾਰ ਮਗਰੋਂ ਏਡੀਜੀਪੀ ਜੇਲ੍ਹਾਂ ਬੀ ਚੰਦਰ ਸ਼ੇਖਰ ਨੇ ਸਖ਼ਤ ਕਾਰਵਾਈ ਕਰ ਦਿੱਤੀ ਹੈ। ਗੈਂਗਵਾਰ ਦੀ ਘਟਨਾ ਤੋਂ ਬਾਅਦ ਏਡੀਜੀਪੀ ਜੇਲ੍ਹਾਂ ਬੀ ਚੰਦਰ ਸ਼ੇਖਰ ਜੇਲ੍ਹ ਦੇ ਦੌਰੇ ‘ਤੇ ਪਹੁੰਚੇ। ਜਿੰਨਾਂ ਨੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਇਸ ਦੌਰਾਨ ਏਡੀਜੀਪੀ ਜੇਲ੍ਹਾਂ ਬੀ ਚੰਦਰਸ਼ੇਖਰ ਨੇ ਸਹਾਇਕ ਸੁਪਰਡੈਂਟ ਹਰੀਸ਼ ਕੁਮਾਰ ਨੂੰ ਮੁਅੱਤਲ ਕਰਨ ਦੇ ਹੁਕਮ ਕਰ ਦਿੱਤੇ ਹਨ।
ਇਸ ਤੋਂ ਇਲਾਵਾ ਜੇਲ੍ਹ ਵਿਚ ਗੈਂਗਸਟਰਾਂ ਦਰਮਿਆਨ ਹੋਈ ਖੂਨੀ ਝੜਪ ਦੇ ਮਾਮਲੇ ਵਿਚ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਦੀ ਅਣਗਹਿਲੀ ਦਾ ਸਖ਼ਤ ਨੋਟਿਸ ਲਿਆ। ਉਥੇ ਹੀ ਇਸ ਮਾਮਲੇ ‘ਤੇ ਐਕਸ਼ਨ ਲੈਦੇ ਹੋਏ ਜੇਲ੍ਹ ਵਿਚ ਸੁਰੱਖਿਅਤ ਪ੍ਰਬੰਧਾ ‘ਚ ਭਾਰੀ ਕੁਤਾਹੀ ਵਰਤਣ ਦੇ ਮਾਮਲੇ ਵਿੱਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰੀਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਹੋਈ ਖੂਨੀ ਝੜਪ ਦੌਰਾਨ ਜੇਲ ਸੁਪਰਡੈਂਟ ਇਕਬਾਲ ਸਿੰਘ ਬਰਾੜ ਛੁੱਟੀ ‘ਤੇ ਸਨ ਪਰ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਡਿਊਟੀ ‘ਤੇ ਪਰਤ ਆਏ ਸਨ।
ਪੁਲਿਸ ਵੱਲੋਂ ਇਸ ਮਾਮਲੇ ‘ਚ ਦਰਜ ਕੀਤੀ ਗਈ ਐੱਫ.ਆਈ.ਆਰ. ‘ਚ 7 ਗੈਂਗਸਟਰਾਂ ਦੇ ਨਾਂ ਸਾਹਮਣੇ ਆਏ ਹਨ। ਇਸ ‘ਚ ਅਰਸਦ ਖ਼ਾਨ, ਅੰਕਿਤ ਲਾਟੀ, ਮਨਪ੍ਰੀਤ ਭਾਊ, ਰਜਿੰਦਰ ਜੋਕਰ, ਮਲਕੀਤ ਸਿੰਘ ਮਾਮਾ, ਸਚਿਨ ਭਿਵਾਨੀ ਤੇ ਕਸ਼ਿਸ਼, ਸ਼ਾਮਲ ਹਨ। ਐੱਫ.ਆਈ.ਆਰ. ‘ਚ ਦੱਸਿਆ ਗਿਆ ਹੈ ਕਿ ਜੇਲ੍ਹ ‘ਚ ਬਲਾਕ 1 ਅਤੇ ਬਲਾਕ 2 ਦੇ ਕੈਦੀਆਂ ਦਰਮਿਆਨ ਝੜਪ ਹੋ ਗਈ ਸੀ। ਬਲਾਕ 2 ‘ਚ ਮਨਮੋਹਨ ਮੋਹਨਾ ਤੇ ਮਨਦੀਪ ਤੂਫ਼ਾਨ ਸ਼ਾਮਲ ਸਨ। ਉਨ੍ਹਾਂ ਨੇ ਪਹਿਲਾਂ ਲੋਹੇ ਦੀਆਂ ਪੱਤੀਆਂ ਨਾਲ ਹਮਲਾ ਕੀਤਾ ਸੀ, ਜਿਸ ਮਗਰੋਂ ਵਿਰੋਧੀ ਗਿਰੋਹ ਨੇ ਉਨ੍ਹਾਂ ਤੋਂ ਲੋਹੇ ਦੀਆਂ ਪੱਤੀਆਂ ਖੋਹ ਕੇ ਉਨ੍ਹਾਂ ਉਪਰ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਮਨਪ੍ਰੀਤ ਭਾਊ, ਅਰਸ਼ਦ ਖ਼ਾਨ ਤੇ ਕੇਸ਼ਵ ਜ਼ਖ਼ਮੀ ਹੋ ਗਏ ਸੀ ਜਦਕਿ ਮਨਮੋਹਨ ਮੋਹਨਾ ਤੇ ਮਨਦੀਪ ਤੂਫਾਨ ਦੀ ਮੌਤ ਹੋ ਗਈ ਸੀ।