ਪਿਛਲੇ ਦਿਨੀ ਪੰਜਾਬ ਦੇ ਕੈਬਨਿਟ ਮੰਤਰੀਆਂ ਵਲੋਂ ਸਰਕਾਰੀ ਦਫ਼ਤਰਾਂ ’ਚ ਅਚਨਚੇਤ ਮਾਰੇ ਗਏ ਛਾਪੇ ਦੌਰਾਨ ਕਈ ਸਰਕਾਰੀ ਮੁਲਾਜ਼ਮ ਗੈ-ਹਾਜ਼ਰ ਪਾਏ ਗਏ ਸੀ ਜਾਂ ਸਮੇਂ ਤੋਂ ਪਹਿਲਾਂ ਚਲੇ ਗਏ ਸੀ। ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲੈਂਦੇ ਹੋਏ ਇਹ ਐਲਾਨ ਕੀਤਾ ਹੈ ਕਿ ਹੁਣ ਕਰਮਚਾਰੀਆਂ ਦੀ ਹਾਜ਼ਰੀ ਲਈ ਬਾਇਓਮੀਟ੍ਰਿਕ ਮਸ਼ੀਨਾਂ ਲਗਾਈਆਂ ਜਾਣਗੀਆਂ। ਦਸ ਦਈਏ ਕਿ ਸਰਕਾਰੀ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਲਈ ਅੱਜ ਵਿਭਾਗ ਦੇ ਸਾਰੇ ਖੇਤਰੀ ਦਫ਼ਤਰਾਂ ਵਿਚ ਕਰਮਚਾਰੀਆਂ ਦੀ ਹਾਜ਼ਰੀ ਲਈ ਬਾਇਓਮੀਟ੍ਰਿਕ ਮਸ਼ੀਨਾਂ ਲਾਉਣ ਦੇ ਨਿਰਦੇਸ਼ ਦਿੱਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਦੇਖਣ ਵਿਚ ਆਇਆ ਹੈ ਕਿ ਪੰਜਾਬ ਭਰ ਦੇ ਫੀਲਡ ਦਫ਼ਤਰਾਂ ਵਿਚ ਕੁਝ ਮੁਲਾਜ਼ਮ ਦੇਰੀ ਨਾਲ ਆ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਵਿਭਾਗ ਨੇ ਜਨਤਾ ਨੂੰ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨ ਹਿੱਤ ਬਾਇਓਮੀਟ੍ਰਿਕ ਮਸ਼ੀਨਾਂ ’ਤੇ ਹਾਜ਼ਰੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਹਦਾਇਤ ਕੀਤੀ ਕਿ ਬਾਇਓਮੀਟ੍ਰਿਕ ਮਸ਼ੀਨਾਂ 28 ਫਰਵਰੀ, 2023 ਤੱਕ ਵਿਭਾਗ ਦੇ ਸਾਰੇ ਫੀਲਡ ਦਫ਼ਤਰਾਂ ਵਿਚ ਲਗਾਈਆਂ ਜਾਣਗੀਆਂ ਤਾਂ ਜੋ 1 ਮਾਰਚ, 2023 ਤੋਂ ਹਾਜ਼ਰੀ ਬਾਇਓਮੀਟ੍ਰਿਕ ਮਸ਼ੀਨਾਂ ‘ਤੇ ਲਗਾਉਣਾ ਯਕੀਨੀ ਬਣਾਇਆ ਜਾ ਸਕੇ।