ਹੋਲਾ-ਮਹੱਲਾ ਲਈ ਸ੍ਰੀ ਆਨੰਦਪੁਰ ਸਾਹਿਬ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਇਕ ਖ਼ਾਸ ਸਹੂਲਤ ਦਿੰਦੇ ਹੋਏ ਪ੍ਰਸ਼ਾਸਨ ਨੇ ਅਹਿਮ ਫੈਸਲਾ ਲਿਆ ਹੈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਜਨਰਲ ਮੈਨੇਜਰ ਰੋਡਵੇਜ਼ ਗੁਰਸੇਵਕ ਸਿੰਘ ਰਾਜਪਾਲ ਨੂੰ ਹਦਾਇਤ ਕਰਦਿਆਂ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ 70 ਮਿੰਨੀ ਬੱਸਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਇਹ ਬੱਸ ਸੇਵਾ ਯਕੀਨੀ ਤੌਰ ’ਤੇ 24 ਘੰਟੇ ਲਈ ਉਪਲੱਬਧ ਹੋਵੇ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਆਵਾਜਾਈ ਦੀ ਸਹੂਲਤ ਪ੍ਰਦਾਨ ਕਰਦੇ ਹੋਏ 6 ਮਾਰਚ ਤੋਂ 8 ਮਾਰਚ ਤੱਕ ਸ਼ਟਲ ਬੱਸ ਸੇਵਾ ਚਲਾਈ ਜਾਵੇਗੀ। ਸ਼ਟਲ ਬੱਸ ਸੇਵਾ ਨੂੰ 24 ਘੰਟੇ ਯਕੀਨੀ ਕਰਨ ਲਈ ਤਕਨੀਕੀ ਢੰਗ ਨਾਲ ਰੋਡ ਮੈਪ ਬਣਾਇਆ ਜਾਵੇ, ਜਿਸ ਲਈ ਡਰਾਈਵਰਾਂ ਦੀ ਡਿਊਟੀ ਦੇ ਰੋਸਟਰ ਤਿਆਰ ਕਰ ਲਏ ਜਾਣ ਅਤੇ ਇਸ ਸਬੰਧੀ ਰਿਪੋਰਟ ਇਸੇ ਹਫ਼ਤੇ ਉਨ੍ਹਾਂ ਨੂੰ ਪੇਸ਼ ਕੀਤੀ ਜਾਵੇ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਪੁੱਜਣ ਨਾਲ ਵਾਹਨਾਂ ਦੀ ਆਵਾਜਾਈ ਸਚਾਰੂ ਢੰਗ ਨਾਲ ਨਹੀਂ ਹੋ ਪਾਉਂਦੀ, ਜਿਸ ਕਾਰਨ ਵੱਡੇ ਪੱਧਰ ਉੱਤੇ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਹਾਲਾਤ ਵਿਚ ਸ਼ਟਲ ਬੱਸ ਸੇਵਾ ਨਾਲ ਵਿਸ਼ੇਸ਼ ਤੌਰ ’ਤੇ ਬਜ਼ੁਰਗ, ਬੱਚਿਆਂ ਅਤੇ ਔਰਤਾਂ ਨੂੰ ਸਫ਼ਰ ਕਰਨ ਵਿਚ ਕਾਫ਼ੀ ਆਸਾਨੀ ਹੋਵੇਗੀ।