ਲਗਾਤਾਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਿਲਾਫ ਇਕ ਵਿਅਕਤੀ ਨੂੰ ਬੋਲਣਾ ਇੰਨਾ ਜ਼ਿਆਦਾ ਮਹਿੰਗਾ ਪੈ ਗਿਆ ਕਿ ਕੁਝ ਲੋਕਾਂ ਵਲੋਂ ਉਸਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਹ ਹਸਪਤਾਲ ਵਿਚ ਦਾਖਲ ਹੋ ਗਿਆ। ਦਸ ਦਈਏ ਕਿ ਚਮਕੌਰ ਸਾਹਿਬ ਦੇ ਰਹਿਣ ਵਾਲੇ ਵਰਿੰਦਰ ਸਿੰਘ ਵਲੋਂ ਅੰਮ੍ਰਿਤਪਾਲ ਸਿੰਘ ਖਿਲਾਫ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪਾਈ ਗਈ ਸੀ। ਜਿਸ ਤੋਂ ਬਾਅਦ ਜਦੋਂ ਉਹ ਨੌਜਵਾਨ ਅੰਮ੍ਰਿਤਸਰ ਪਹੁੰਚਿਆ ਤਾਂ ਕੁਝ ਵਿਅਕਤੀਆਂ ਵਲੋਂ ਉਸਦੀ ਕੁੱਟਮਾਰ ਕੀਤੀ ਗਈ ਹੈ। ਨੌਜਵਾਨ ਦਾ ਇਲਜ਼ਾਮ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਵਿੱਚ ਉਸ ਨਾਲ ਕੁੱਟਮਾਰ ਹੋਈ ਹੈ। ਇਸ ਬਾਰੇ ਪੀੜਤ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਜਿਸ ਤੋਂ ਬਾਅਦ ਹਰਕਤ ਵਿਚ ਆਉਂਦਿਆਂ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ 6 ਸਾਥੀਆਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਚਮਕੌਰ ਸਾਹਿਬ ਦਾ ਰਹਿਣ ਵਾਲਾ ਵਰਿੰਦਰ ਸਿੰਘ ਨਾਮਕ ਨੌਜਵਾਨ ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਇਆ ਸੀ। ਉਸ ਤੋਂ ਬਾਅਦ ਵਰਿੰਦਰ ਸਿੰਘ ਅਜਨਾਲਾ ਵਿਖੇ ਦਮਦਮੀ ਟਕਸਾਲ ਸੰਤਾਂ ਦੀ ਬਰਸੀ ਮੌਕੇ ਉੱਥੇ ਨਤਮਸਤਕ ਹੋਣ ਪਹੁੰਚਿਆ। ਬਰਿੰਦਰ ਸਿੰਘ ਮੁਤਾਬਕ ਕੁਝ ਸਿੰਘਾਂ ਵੱਲੋਂ ਉਸ ਨਾਲ ਗੱਲਬਾਤ ਕਰਕੇ ਉਸ ਨੂੰ ਆਪਣੀਆਂ ਗੱਲਾਂ ਵਿੱਚ ਲਾ ਕੇ ਅਜਨਾਲਾ ਤੋਂ ਅਗਵਾ ਕਰ ਲਿਆ। ਉਹ ਉਸ ਨੂੰ ਜੰਡਿਆਲਾ ਗੁਰੂ ਲੈ ਗਏ ਜਿੱਥੇ ਜਾ ਕੇ ਉਨ੍ਹਾਂ ਸਿੰਘਾਂ ਵੱਲੋਂ ਤੇ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ।
ਵਰਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਚਮਕੌਰ ਸਾਹਿਬ ਤੋਂ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਸੀਹਤ ਦੇਣ ਦੀ ਗੱਲ ਕੀਤੀ ਜਾ ਰਹੀ ਸੀ। ਇਸ ਦੀ ਸਜ਼ਾ ਉਸ ਨੂੰ ਇਹ ਮਿਲੀ ਕਿ ਉਸ ਦੀ ਕੁੱਟਮਾਰ ਭਾਈ ਅਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਗਈ। ਹੁਣ ਪੀੜਤ ਵਰਿੰਦਰ ਸਿੰਘ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।