ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਚੰਡੀਗੜ੍ਹ ਤੋਂ ਅੰਤਿਮ ਯਾਤਰਾ ਕਰਦੀ ਹੋਈ ਰਾਤ ਪਿੰਡ ਬਾਦਲ ਵਿਖੇ ਪਹੁੰਚੀ। ਉਸ ਮੌਕੇ ਪਿੰਡ ਵਾਸੀਆਂ ਅਤੇ ਵੱਡੇ ਬਾਦਲ ਦੇ ਸਮਰਥਕਾਂ ਵਲੋਂ ਸ. ਪ੍ਰਕਾਸ਼ ਸਿੰਘ ਬਾਦਲ ਦੇ ਹੱਕ ‘ਚ ਨਾਅਰੇ ਵੀ ਲਗਾਏ ਗਏ। ਦਸ ਦਈਏ ਕਿ ਅੰਤਿਮ ਦਰਸ਼ਨ ਅੱਜ ਸਵੇਰੇ 9 ਵਜੇ ਤੋਂ 12 ਵਜੇ ਤੱਕ ਉਨ੍ਹਾਂ ਦੇ ਗ੍ਰਹਿ, ਪਿੰਡ ਬਾਦਲ ਵਿਖੇ ਕੀਤੇ ਜਾ ਸਕਦੇ ਹਨ। ਸਾਬਕਾ ਸੀ.ਐਮ. ਬਾਦਲ ਦੀ ਅੰਤਿਮ ਯਾਤਰਾ ਦੁਪਹਿਰ 12 ਵਜੇ ਦੇ ਕਰੀਬ ਨਿਕਲੇਗੀ। ਇਹ ਅੰਤਿਮ ਯਾਤਰਾ ਟਰੈਕਟਰ ਟਰਾਲੀ ’ਤੇ ਕੱਢੀ ਜਾਵੇਗੀ। ਟਰਾਲੇ ਨੂੰ ਫੁੱਲਾਂ ਦੇ ਨਾਲ ਤਿਆਰ ਕੀਤਾ ਗਿਆ ਹੈ। ਕਰੀਬ 35 ਫੁੱਟ ਟਰਾਲਾ ਤਿਆਰ ਕੀਤਾ ਗਿਆ ਹੈ। ਉਸ ਉਪਰੰਤ ਦੁਪਹਿਰ 1 ਵਜੇ ਘਰ ਦੇ ਨਜ਼ਦੀਕ ਹੀ ਖਿਓਵਾਲੀ ਰੋਡ, ਪਿੰਡ ਬਾਦਲ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਸ. ਬਾਦਲ ਦੀ ਮ੍ਰਿਤਕ ਦੇਹ ਪਿੰਡ ਪੁੱਜਣ ’ਤੇ ਮਾਹੌਲ ਗ਼ਮਗੀਨ ਸੀ। ਪਿੰਡ ਬਾਦਲ ਦਾ ਹਰੇਕ ਵਿਅਕਤੀ ਸੇਜਲ ਅੱਖਾਂ ਨਾਲ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪਹੁੰਚ ਰਿਹਾ ਹੈ। ਪਿੰਡ ਵਾਸੀਆਂ ਅਤੇ ਇਲਾਕੇ ਭਰ ਤੋਂ ਪੁੱਜੇ ਵਰਕਰਾਂ ਅਤੇ ਆਮ ਲੋਕਾਂ ਨੇ ‘ਪ੍ਰਕਾਸ਼ ਸਿੰਘ ਬਾਦਲ ਅਮਰ ਰਹੇ’ ਦੇ ਨਾਅਰੇ ਲਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।