4 ਲੱਖ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਕੀਤੇ ਗਏ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਕਰੀਬੀ ਰਸ਼ਮ ਗਰਗ ਨੂੰ ਵਿਜੀਲੈਂਸ ਵਲੋਂ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਇਸ ਦਰਮਿਆਨ ਅਦਾਲਤ ਨੇ ਰਸ਼ਮ ਗਰਗ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਹਾਲਾਂਕਿ, ਵਿਜੀਲੈਂਸ ਵੱਲੋਂ ਅਦਾਲਤ ਅੱਗੇ ਪਹਿਲਾ ਲਈ ਗਈ ਰਿਸ਼ਵਤ ਦੀ ਰਿਕਵਰੀ ਸਬੰਧੀ 7 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ। ਪਰ ਅਦਾਲਤ ਨੇ ਸਿਰਫ਼ 4 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ। ਹੁਣ ਪੁਲਿਸ ਇਸ ਮਾਮਲੇ ਦੇ ਵਿਚ ਰਸ਼ਮ ਗਰਗ ਤੋਂ ਪੁੱਛਗਿੱਛ ਕੀਤੀ ਜਾਵੇਗੀ।
ਦਸਣਯੋਗ ਹੈ ਕਿ ਸਰਕਟ ਹਾਊਸ ਵਿਚ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰਨ ਤੋਂ ਬਾਅਦ ਵਿਜੀਲੈਂਸ ਵੱਲੋਂ ਰਸ਼ਮ ਗਰਗ ਘਰ ਵੀ ਦੇਰ ਰਾਤ ਛਾਪਾ ਮਾਰਿਆ ਗਿਆ ਸੀ ਅਤੇ ਰਿਕਾਰਡ ਖੰਗਾਲੇ ਜਾ ਰਹੇ ਸੀ। ਹੋਰ ਤਾਂ ਹੋਰ ਵਿਜੀਲੈਂਸ ਨੇ ਕਰੀਬ 2 ਘੰਟੇ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਤੋਂ ਵੀ ਪੁੱਛਗਿੱਛ ਕੀਤੀ ਸੀ।
ਜ਼ਿਕਰਯੋਗ ਹੈ ਕਿ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਕਰੀਬੀ ਰਸ਼ਮ ਗਰਗ ਨੇ ਪਿੰਡ ਗੁੱਡਾ ਦੇ ਸਰਪੰਚ ਤੋਂ ਬਿੱਲ ਪਾਸ ਕਰਵਾਉਣ ਦੇ ਬਦਲੇ 4 ਲੱਖ ਰੁਪਏ ਰਿਸ਼ਵਤ ਲੈਣ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਸਰਪੰਚ ਦੀ ਸ਼ਿਕਾਇਤ ‘ਤੇ ਟਰੈਪ ਲਗਾ ਕੇ ਉਸਨੂੰ ਕਾਬੂ ਕਰ ਲਿਆ ਹੈ। ਰਸ਼ਮ ਸਿੰਘ ਨੇ ਵੀ ਗ੍ਰਿਫਤਾਰੀ ਦੌਰਾਨ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।