ਆਬਕਾਰੀ ਨੀਤੀ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਸੀ.ਬੀ.ਆਈ. ਵਲੋਂ ਗ੍ਰਿਫ਼ਤਾਰ ਕੀਤੇ ਗਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ 4 ਮਾਰਚ ਤੱਕ ਸੀ. ਬੀ. ਆਈ. ਦੀ ਹਿਰਾਸਤ ‘ਚ ਰੱਖਿਆ ਜਾਵੇਗਾ। ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਇਹ ਫ਼ੈਸਲਾ ਸੁਣਾਇਆ ਹੈ। ਦੱਸ ਦੇਈਏ ਕਿ ਸੀ. ਬੀ. ਆਈ. ਨੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੋਮਵਾਰ ਯਾਨੀ ਕਿ ਅੱਜ ਰਾਊਜ਼ ਐਵੇਨਿਊ ਅਦਾਲਤ ‘ਚ ਪੇਸ਼ ਕੀਤਾ ਸੀ। ਇਥੇ ਦਸਣਯੋਗ ਹੈ ਕਿ ਆਬਕਾਰੀ ਨੀਤੀ ਦਿੱਲੀ ਸਰਕਾਰ ਵਲੋਂ ਲਿਆਂਦੀ ਗਈ ਸੀ।
ਸੀ. ਬੀ. ਆਈ. ਨੇ ਅਦਾਲਤ ਨੂੰ ਕਿਹਾ ਕਿ ਪੁੱਛ-ਗਿੱਛ ਲਈ ਉਹਨਾਂ ਨੂੰ ਸਿਸੋਦੀਆ ਦੀ ਹਿਰਾਸਤ ਦੀ ਲੋੜ ਹੈ। ਜਾਂਚ ਏਜੰਸੀ ਨੇ ਸਿਸੋਦੀਆ ਨੂੰ ਵਿਸ਼ੇਸ਼ ਜੱਜ ਐੱਮ. ਕੇ. ਨਾਗਪਾਲ ਦੇ ਸਾਹਮਣੇ ਪੇਸ਼ ਕੀਤਾ ਅਤੇ 5 ਦਿਨ ਲਈ ਹਿਰਾਸਤ ਵਿਚ ਸੌਂਪਣ ਦੀ ਬੇਨਤੀ ਕੀਤੀ, ਜਿਸ ਨੂੰ ਅਦਾਲਤ ਨੇ ਮੰਨ ਲਿਆ। ਸਿਸੋਦੀਆ ਦੀ ਪੇਸ਼ੀ ਦੌਰਾਨ ਰਾਊਜ਼ ਐਵੇਨਿਊ ਅਦਾਲਤ ਕੰਪਲੈਕਸ ਦੇ ਅੰਦਰ ਅਤੇ ਬਾਹਰ ਵੱਡੀ ਗਿਣਤੀ ‘ਚ ਸੁਰੱਖਿਆ ਕਾਮਿਆਂ ਨੂੰ ਤਾਇਨਾਤ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਸੀ. ਬੀ. ਆਈ. ਨੇ 2021-22 ਦੀ ਆਬਕਾਰੀ ਨੀਤੀ (ਹੁਣ ਰੱਦ ਕੀਤੀ ਜਾ ਚੁੱਕੀ) ਨੂੰ ਲਾਗੂ ਕਰਨ ‘ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ 9 ਘੰਟੇ ਦੀ ਪੁੱਛ-ਗਿੱਛ ਮਗਰੋਂ ਐਤਵਾਰ ਸ਼ਾਮ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਸੀ।