ਦਰਅਸਲ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਨੇ ਕੁਝ ਸਮੇਂ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪਾਕੇ ਪੁਲਿਸ ਅਤੇ ਸਰਕਾਰ ਨੂੰ ਸੁਰਜਨਜੀਤ ਸਿੰਘ ਚੱਠਾ ਨੂੰ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਸੀ ਜਿਸ ਦੀ ਅਪੀਲ ‘ਤੇ ਹੁਣ ਕਾਰਵਾਈ ਕਰਦਿਆਂ ਪੁਲਸ ਨੇ ਕਤਲ ਕੇਸ ਦੇ ਮੁਲਜ਼ਮ ਸੁਰਜਨ ਚੱਠਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਸ ਸਮੇਂ ਪੁਲਸ ਚੱਠਾ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਸੀ ਪਰ ਪੁਲਸ ਨੇ ਤੜਕੇ ਸਵੇਰੇ 3 ਵਜੇ ਕਬੱਡੀ ਪ੍ਰਮੋਟਰ ਸੁਰਜਨਜੀਤ ਸਿੰਘ ਚੱਠਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਕਾਰਵਾਈ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ‘ਚ ਪੁਲਸ ਉਸ ਨੂੰ ਗ੍ਰਿਫ਼ਤਾਰ ਕਰਕੇ ਲੈ ਜਾ ਰਹੀ ਦਿੱਸ ਰਹੀ ਹੈ।
ਇਥੇ ਦੱਸਣਯੋਗ ਹੈ ਕਿ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਸੋਸ਼ਲ ਮੀਡੀਆ ‘ਤੇ ਲਾਈਵ ਹੋਈ ਸੀ। ਉਨ੍ਹਾਂ ਪੁਲਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਸੀ। ਰੁਪਿੰਦਰ ਨੇ ਕਿਹਾ ਸੀ ਕਿ ਉਸ ਨੇ ਐੱਸ. ਐੱਸ. ਪੀ. ਨੂੰ ਦੱਸਿਆ ਸੀ ਕਿ ਸੰਦੀਪ ਨੰਗਲ ਦੇ ਕਤਲ ਦਾ ਮੁਲਜ਼ਮ ਜਲੰਧਰ ਦੇ ਕਰਤਾਰ ਪੈਲੇਸ ਵਿੱਚ ਬੈਠਾ ਹੈ। ਨੰਗਲ ਅੰਬੀਆ ਕੇਸ ਵਿਚ ਚੱਠਾ ਦੋਸ਼ੀ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਸਕਦੇ ਹਾਂ। ਰੁਪਿੰਦਰ ਨੇ ਲਾਈਵ ਹੋ ਕੇ ਕਿਹਾ ਸੀ ਕਿ ਉਸ ਨੇ ਐੱਸ. ਐੱਸ. ਪੀ. ਨੂੰ ਵੁਆਇਸ ਮੈਸੇਜ ਵੀ ਭੇਜਿਆ ਸੀ ਅਤੇ ਫ਼ੋਨ ਵੀ ਕੀਤਾ ਸੀ। ਰੁਪਿੰਦਰ ਅਨੁਸਾਰ ਪਹਿਲਾਂ ਜਦੋਂ ਵੀ ਉਸ ਨੇ ਆਪਣੇ ਪਰਿਵਾਰ ਨੂੰ ਮਾਮਲੇ ਬਾਰੇ ਪੁੱਛਿਆ ਤਾਂ ਉਹ ਕਹਿੰਦੇ ਸਨ ਕਿ ਪੁਲਸ ਸੁਰਜਨਜੀਤ ਸਿੰਘ ਚੱਠਾ ਦੀ ਭਾਲ ਕਰ ਰਹੀ ਹੈ।
ਰੁਪਿੰਦਰ ਕੌਰ ਦਾ ਕਹਿਣਾ ਸੀ ਕਿ ਐੱਸ. ਐੱਸ. ਪੀ. ਨੂੰ ਫ਼ੋਨ ਕਰਕੇ ਦੱਸਿਆ ਸੀ ਕਿ ਮੁਲਜ਼ਮ ਨੂੰ ਤਿੰਨ ਤੋਂ ਚਾਰ ਮਿੰਟ ਤੱਕ ਡਰਾਈਵ ਕਰਕੇ ਫੜਿਆ ਜਾ ਸਕਦਾ ਹੈ। ਐੱਸ. ਐੱਸ. ਪੀ. ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਕਿਹਾ ਸੀ ਕਿ ਸਾਨੂੰ ਸਬੂਤ ਦਿਓ। ਰੁਪਿੰਦਰ ਨੇ ਕਿਹਾ ਸੀ ਕਿ ਸਬੂਤ ਵੇਖਣਾ ਅਦਾਲਤ ਦਾ ਕੰਮ ਹੈ। ਬਾਕੀ ਪੁਲਸ ਨੇ ਜੇਕਰ ਇਸ ਮਾਮਲੇ ‘ਚ ਸੁਰਜਨਜੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ ਤਾਂ ਉਹ ਕਿਸੇ ਨਾ ਕਿਸੇ ਆਧਾਰ ਜਾਂ ਸਬੂਤ ਨੂੰ ਵੇਖ ਕੇ ਹੀ ਕੀਤਾ ਹੈ। ਜੇਕਰ ਬਿਨਾਂ ਸਬੂਤ ਦੇ ਨਾਮਜ਼ਦ ਕੀਤਾ ਹੈ ਤਾਂ ਇਹ ਸਿਰਫ਼ ਵਾਹ-ਵਾਹੀ ਬਟੋਰਨ ਵਾਲਾ ਕੰਮ ਹੈ।