ਗੈਂਗਸਟਰ ਐਕਟ ਦੇ 14 ਸਾਲ ਪੁਰਾਣੇ ਇਕ ਮਾਮਲੇ ‘ਚ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਨੂੰ 10 ਸਾਲ ਦੀ ਜੇਲ੍ਹ ਦੀ ਸਜ਼ਾ ਅਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਦੀ ਇਕ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ।
ਇਕ ਵਕੀਲ ਨੇ ਦੱਸਿਆ ਕਿ 22 ਨਵੰਬਰ 2007 ਨੂੰ ਗਾਜ਼ੀਪੁਰ ਜ਼ਿਲ੍ਹੇ ਦੇ ਮੁਹੰਮਦਾਬਾਦ ਕੋਤਵਾਲੀ ‘ਚ ਗੈਂਗਸਟਰ ਚਾਰਟ ‘ਚ ਸੰਸਦ ਮੈਂਬਰ ਅਫਜ਼ਾਲ ਅੰਸਾਰੀ ਅਤੇ ਮੁਖਤਾਰ ਅੰਸਾਰੀ ਨੂੰ ਸ਼ਾਮਲ ਕਰਦਿਆਂ ਗੈਂਗਸਟਰ ਐਕਟ ਤਹਿਤ ਮੁਕੱਦਮਾ ਦਰਜ ਕਰਵਾਇਆ ਸੀ। ਉਨ੍ਹਾਂ ਨੇ ਦੱਸਿਆ ਕਿ 23 ਸਤੰਬਰ 2022 ਨੂੰ ਦੋਹਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਅਤੇ ਇਸਤਗਾਸਾ ਪੱਖ ਦੀ ਗਵਾਹੀ ਪੂਰੀ ਹੋਈ। ਵਕੀਲ ਮੁਤਾਬਕ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਫ਼ੈਸਲਾ ਸੁਰੱਖਿਅਤ ਰੱਖਿਆ ਸੀ। ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਅਦਾਲਤ ਨੇ ਇਸ ਮਾਮਲੇ ‘ਚ ਮੁਖਤਾਰ ਅੰਸਾਰੀ ਨੂੰ 10 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। ਉੱਥੇ ਹੀ ਅਫਜ਼ਾਲ ਅੰਸਾਰੀ ਨੂੰ ਗੈਂਗਸਟਰ ਮਾਮਲੇ ‘ਚ ਦੋਸ਼ੀ ਕਰਾਰ ਦਿੰਦੇ ਹੋਏ 4 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਲਗਾਇਆ ਹੈ।
ਜ਼ਿਕਰਯੋਗ ਹੈ ਕਿ ਕਿ ਅਫਜ਼ਾਲ ਅੰਸਾਰੀ ਗਾਜ਼ੀਪੁਰ ਸੰਸਦੀ ਹਲਕੇ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਦ ਮੈਂਬਰ ਹਨ। ਦਸ ਦਈਏ ਕਿ ਮੁਖਤਾਰ ਅੰਸਾਰੀ ਨੇ ਗੈਂਗਸਟਰ ਦੀ ਦੁਨੀਆਂ ਛੱਡਕੇ ਆਪਣੀ ਆਉਣ ਵਾਲੀ ਜ਼ਿੰਦਗੀ ਸਿਆਸਤ ਵਿਚ ਅਜ਼ਮਾਉਣੀ ਸ਼ੁਰੂ ਕੀਤੀ ਜਿਸ ਤੋਂ ਬਾਅਦ ਉਹ ਜ਼ਿਲ੍ਹੇ ਮਊ ਦੀ ਮਊ ਸਦਰ ਵਿਧਾਨ ਸਭਾ ਸੀਟ ਤੋਂ ਲਗਾਤਾਰ 5 ਵਾਰ ਵਿਧਾਇਕ ਬਣੇ। ਫਿਲਹਾਲ ਉਹ ਇਸ ਸਮੇਂ ਅਪਰਾਧਿਕ ਮਾਮਲਿਆਂ ‘ਚ ਬਾਂਦਾ ਦੀ ਜੇਲ੍ਹ ‘ਚ ਬੰਦ ਹੈ।