ਰਾਜਪਾਲ ਦੇ ਭਾਸ਼ਣ ਦੌਰਾਨ ਕਾਂਗਰਸ ਪਾਰਟੀ ਵਲੋਂ ਵਾਕ-ਆਊਟ ਕਰ ਦਿੱਤਾ ਗਿਆ ਸੀ। ਇਸ ਦੌਰਾਨ ਸਦਨ ਤੋਂ ਬਾਹਰ ਆਕੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪਣਾ ਬਿਆਨ ਜਾਰੀ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਜਿਥੇ ‘ਮੇਰੀ ਸਰਕਾਰ’ ਸ਼ਬਦ ‘ਤੇ ਇਤਰਾਜ਼ ਜਤਾਇਆ ਹੈ ਉਥੇ ਹੀ ਉਹਨਾਂ ਮਾਨ ਸਰਕਾਰ ‘ਤੇ ਨਿਸ਼ਾਨੇ ਸਾਧੇ ਹੋਏ ਕਿਹਾ ਕਿ ਇਹ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ।
ਉਨ੍ਹਾਂ ਕਿਹਾ ਕਿ ਅਸੀਂ ਰਾਜਪਾਲ ਦੇ ਸੰਬੋਧਨ ‘ਤੇ ਇਤਰਾਜ਼ ਜਤਾਇਆ ਕਿਉਂਕਿ ਜਦੋਂ ਰਾਜ ਸਰਕਾਰ ਰਾਜਪਾਲ ਨੂੰ ਆਪਣਾ ਮੁਖੀ ਨਹੀਂ ਮੰਨਦੀ ਤਾਂ ਉਹ ਭਾਸ਼ਣ ਵਿੱਚ ਮੇਰੀ ਸਰਕਾਰ ਸ਼ਬਦ ਦੀ ਵਰਤੋਂ ਕਿਵੇਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਰਾਜਪਾਲ ਨੂੰ ਸਰਕਾਰ ਨੂੰ ਪੱਤਰ ਲਿਖ ਕੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਬਾਜਵਾ ਨੇ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਨ ਬਾਰੇ ਭਗਵੰਤ ਮਾਨ ਦੇ ਟਵੀਟ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਕਹਿ ਰਹੇ ਹਨ ਕਿ ਉਹ ਆਪਣੇ ਗੁਰੂ ਦੀ ਗੱਲ ਮੰਨਣਗੇ। ਉਹ ਜੋ ਵੀ ਕਹਿਣਗੇ ਉਹ ਕਰਨਗੇ ਭਾਵ ਮੁੱਖ ਮੰਤਰੀ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਨੁਸਾਰ ਕੰਮ ਕਰਨਗੇ। ਇਸੇ ਲਈ ਪੰਜਾਬ ਵਿੱਚ ਕੇਂਦਰੀ ਫੋਰਸ ਤਾਇਨਾਤ ਕੀਤੀ ਜਾ ਰਹੀ ਹੈ।
ਨਾਲ ਹੀ ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਇਹ ਬਿਆਨ ਦਿੰਦੇ ਹੋਏ ਕਿਹਾ ਕਿ ਅਸੀ ‘ਮੇਰੀ ਸਰਕਾਰ’ ਸ਼ਬਦ ‘ਤੇ ਇਤਰਾਜ਼ ਜਤਾਇਆ ਹੈ, ਕਿਉਂਕਿ ਉਹਨਾਂ ਦਾ ਪਹਿਲਾਂ ਤੋਂ ਹੀ ਸਰਕਾਰ ਨਾਲ ਰੌਲਾ ਚੱਲ ਰਿਹਾ ਹੈ। ਰਾਜਾ ਵੜਿੰਗ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਰਾਜਪਾਲ ਖੁਦ ਇਸ ਮੁੱਦੇ ‘ਤੇ ਚੁਸਕੀਆਂ ਲੈ ਰਹੇ ਸੀ। ਉਹ ਆਪ ਚਾਹੁੰਦੇ ਸੀ ਕਿ ਇਹ ਮੁੱਦਾ ਚੁੱਕਿਆ ਜਾਵੇ।