ਪ੍ਰੇਮਿਕਾ ਸ਼ਰਧਾ ਵਾਲਕਰ ਦੇ ਕਤਲ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ (Aaftab Amin Poonawala) ਦਾ ਅੱਜ ਨਾਰਕੋ ਟੈਸਟ (Narco Test) ਕੀਤਾ ਜਾਵੇਗਾ। ਪੁਲਿਸ ਨੂੰ ਉਮੀਦ ਹੈ ਕਿ ਆਫਤਾਬ ਨਾਰਕੋ ਟੈਸਟ ਰਾਹੀਂ ਕਈ ਰਾਜ਼ ਖੋਲ੍ਹ ਸਕਦਾ ਹੈ, ਜਿਸ ਨਾਲ ਜਾਂਚ ‘ਚ ਮਦਦ ਮਿਲੇਗੀ। ਆਫਤਾਬ ਨੇ ਸ਼ਰਧਾ ਦੀ ਹੱਤਿਆ ਦਾ ਗੁਨਾਹ ਕਬੂਲ ਕਰ ਲਿਆ ਹੈ ਪਰ ਹੁਣ ਤੱਕ ਪੁਲਿਸ ਨੂੰ ਪੁਖਤਾ ਸਬੂਤ ਨਹੀਂ ਮਿਲੇ ਹਨ, ਜਿਸ ਨਾਲ ਸ਼ਰਧਾ ਨੂੰ ਇਨਸਾਫ ਮਿਲ ਸਕੇ।
1. ਆਫਤਾਬ ਦਾ ਨਾਰਕੋ ਟੈਸਟ ਕਿਉਂ?
ਸ਼ਰਧਾ ਕਤਲ ਕਾਂਡ ਵਿੱਚ ਹੁਣ ਤੱਕ ਪੁਲਿਸ ਨੂੰ ਕੁਝ ਹੱਡੀਆਂ ਦੇ ਟੁਕੜਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਆਫਤਾਬ ਵਾਰ-ਵਾਰ ਬਿਆਨ ਬਦਲ ਰਿਹਾ ਹੈ, ਜਿਸ ਕਾਰਨ ਜਾਂਚ ਭਟਕ ਰਹੀ ਹੈ। ਅਦਾਲਤ ਤੋਂ ਨਾਰਕੋ ਟੈਸਟ ਦੀ ਮਨਜ਼ੂਰੀ ਲਈ ਪੁਲਿਸ ਨੇ ਦਲੀਲ ਦਿੱਤੀ ਸੀ ਕਿ ਆਫਤਾਬ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਹੈ ਅਤੇ ਜਾਂਚ ‘ਚ ਮਦਦ ਨਹੀਂ ਕਰ ਰਿਹਾ, ਇਸ ਲਈ ਉਸ ਦੇ ਦਾਅਵਿਆਂ ਦੀ ਪੁਸ਼ਟੀ ਲਈ ਨਾਰਕੋ ਟੈਸਟ ਜ਼ਰੂਰੀ ਹੈ। ਪੁਲਿਸ ਦੀ ਅਪੀਲ ‘ਤੇ ਪਿਛਲੇ ਹਫਤੇ ਵੀਰਵਾਰ ਨੂੰ ਸਾਕੇਤ ਅਦਾਲਤ ਨੇ ਆਫਤਾਬ ਦਾ ਨਾਰਕੋ ਟੈਸਟ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਸੀ। ਆਫਤਾਬ ਨੇ ਵੀ ਇਸ ਟੈਸਟ ਲਈ ਆਪਣੀ ਸਹਿਮਤੀ ਦੇ ਦਿੱਤੀ ਸੀ, ਕਿਉਂਕਿ ਨਾਰਕੋ ਟੈਸਟ ਵਿੱਚ ਮੁਲਜ਼ਮ ਦੀ ਸਹਿਮਤੀ ਜ਼ਰੂਰੀ ਹੈ।
2. ਕਿੱਥੇ ਹੋਵੇਗਾ ਨਾਰਕੋ ਟੈਸਟ?
ਅੰਬੇਡਕਰ ਹਸਪਤਾਲ ‘ਚ ਆਫਤਾਬ ਦਾ ਨਾਰਕੋ ਟੈਸਟ ਕੀਤਾ ਜਾਵੇਗਾ। ਟੈਸਟ ਦੌਰਾਨ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਹਸਪਤਾਲ ਅਤੇ ਫੋਰੈਂਸਿਕ ਸਾਇੰਸ ਲੈਬ ਦੀ ਟੀਮ ਮੌਜੂਦ ਰਹੇਗੀ। ਇਹ ਨਾਰਕੋ ਟੈਸਟ ਰੋਹਿਣੀ ਸਥਿਤ ਫੋਰੈਂਸਿਕ ਸਾਇੰਸ ਲੈਬ ਵੱਲੋਂ ਕੀਤਾ ਜਾਵੇਗਾ। ਇਸ ਦੌਰਾਨ 4 ਤੋਂ 5 ਫੋਰੈਂਸਿਕ ਵਿਗਿਆਨੀ ਮੌਜੂਦ ਰਹਿਣਗੇ। ਇਸ ਦੀ ਵੀਡੀਓ ਰਿਕਾਰਡਿੰਗ ਵੀ ਐਫਐਸਐਲ (FSL) ਵੱਲੋਂ ਹੀ ਕੀਤੀ ਜਾਂਦੀ ਹੈ। ਇਹ ਟੈਸਟ ਹਸਪਤਾਲ ਵਿੱਚ ਕੀਤਾ ਜਾਂਦਾ ਹੈ ਕਿਉਂਕਿ ਇੱਥੇ ਸਾਰੀਆਂ ਸਹੂਲਤਾਂ ਮੌਜੂਦ ਹਨ। ਜੇਕਰ ਟੈਸਟ ਦੌਰਾਨ ਕੋਈ ਐਮਰਜੈਂਸੀ ਆ ਜਾਂਦੀ ਹੈ ਤਾਂ ਦੋਸ਼ੀ ਹਸਪਤਾਲ ਵਿੱਚ ਸਮੇਂ ਸਿਰ ਇਲਾਜ ਕਰਵਾ ਸਕਦਾ ਹੈ।
3. ਕਿਹੜੇ ਸਵਾਲ ਪੁੱਛੇ ਜਾਣਗੇ?
ਆਫਤਾਬ ਪੁੱਛਗਿੱਛ ਦੌਰਾਨ ਗੁੰਮਰਾਹ ਕਰ ਰਿਹਾ ਹੈ। ਉਹ ਲਗਾਤਾਰ ਬਿਆਨ ਬਦਲ ਰਿਹਾ ਹੈ। ਅਜਿਹੇ ‘ਚ ਪੁਲਿਸ ਇਸ ਪੂਰੀ ਘਟਨਾ ਨੂੰ ਯੋਜਨਾਬੱਧ ਤਰੀਕੇ ਨਾਲ ਜਾਣਨ ਦੀ ਕੋਸ਼ਿਸ਼ ਕਰੇਗੀ। ਸ਼ਰਧਾ ਅਤੇ ਆਫਤਾਬ ਨਾਲ ਜੁੜੇ ਹਰ ਸਵਾਲ ਦਾ ਜਵਾਬ ਨਾਰਕੋ ਟੈਸਟ ਰਾਹੀਂ ਮਿਲੇਗਾ। ਇਸ ‘ਚ ਆਫਤਾਬ ਨੇ ਸ਼ਰਧਾ ਨੂੰ ਕਿਉਂ ਮਾਰਿਆ? ਦੋਵਾਂ ਵਿਚਾਲੇ ਝਗੜੇ ਦਾ ਕੀ ਕਾਰਨ ਸੀ? ਕਿਵੇਂ ਮਾਰਿਆ? ਕਤਲ ਦੀ ਯੋਜਨਾ ਕਦੋਂ ਬਣਾਈ ਸੀ? ਸ਼ਰਧਾ ਦਾ ਸਿਰ ਕਿੱਥੇ ਹੈ? ਸਰੀਰ ਦੇ ਬਾਕੀ ਅੰਗ ਕਿੱਥੇ ਹਨ? ਉਹ ਆਰਾ ਕਿੱਥੇ ਹੈ ਜਿਸ ਨਾਲ ਲਾਸ਼ ਨੂੰ ਕੱਟਿਆ ਗਿਆ ਸੀ? ਸ਼ਰਧਾ ਦੇ ਕੱਪੜੇ ਅਤੇ ਮੋਬਾਈਲ ਕਿੱਥੇ ਹਨ? ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ 50 ਤੋਂ ਵੱਧ ਸਵਾਲਾਂ ਦੀ ਸੂਚੀ ਤਿਆਰ ਕੀਤੀ ਹੈ। ਇਹ ਸਾਰੇ ਸਵਾਲ ਆਫਤਾਬ ਤੋਂ ਪੁੱਛੇ ਜਾਣਗੇ।
4. ਨਾਰਕੋ ਟੈਸਟ ਤੋਂ ਪਹਿਲਾਂ ਕੀ?
ਦਿੱਲੀ ਪੁਲਿਸ ਨੇ ਨਾਰਕੋ ਟੈਸਟ ਕਰਵਾਉਣ ਲਈ ਐਫਐਸਐਲ ਟੀਮ ਨੂੰ ਬੇਨਤੀ ਭੇਜੀ ਹੈ। ਇਹ ਟੀਮ ਨਾਰਕੋ ਟੈਸਟ ਦੌਰਾਨ ਮੌਜੂਦ ਰਹੇਗੀ। ਇਸ ਦੀ ਵੀਡੀਓਗ੍ਰਾਫੀ ਵੀ ਇਸੇ ਟੀਮ ਵੱਲੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਨਾਰਕੋ ਟੈਸਟ ਤੋਂ ਪਹਿਲਾਂ ਮੁਲਜ਼ਮ ਦੀ ਮੈਡੀਕਲ ਜਾਂਚ ਵੀ ਕੀਤੀ ਜਾਂਦੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਉਹ ਕਿਸੇ ਵੱਡੀ ਬਿਮਾਰੀ ਤੋਂ ਪੀੜਤ ਹੈ ਜਾਂ ਨਹੀਂ। ਜੇਕਰ ਦੋਸ਼ੀ ਨੂੰ ਕੋਈ ਮਨੋਵਿਗਿਆਨਕ, ਅੰਗਾਂ ਨਾਲ ਸਬੰਧਤ ਜਾਂ ਕੈਂਸਰ ਵਰਗੀ ਬੀਮਾਰੀ ਹੈ ਤਾਂ ਉਸ ਦਾ ਨਾਰਕੋ ਟੈਸਟ ਨਹੀਂ ਕੀਤਾ ਜਾਂਦਾ।
5. ਨਾਰਕੋ ਟੈਸਟ ਕਿਵੇਂ ਹੋਵੇਗਾ?
ਇਸ ਤਹਿਤ ਇੰਜੈਕਸ਼ਨ ਵਿੱਚ ਸਾਈਕੋਐਕਟਿਵ ਦਵਾਈ ਮਿਲਾਈ ਜਾਂਦੀ ਹੈ, ਜਿਸ ਨੂੰ ‘Truth Drug’ ਵੀ ਕਿਹਾ ਜਾਂਦਾ ਹੈ। ਇਸ ਵਿਚ ਸੋਡੀਅਮ ਪੈਂਟੋਥਲ ਨਾਮ ਦਾ ਰਸਾਇਣ ਹੁੰਦਾ ਹੈ। ਜਿਵੇਂ ਹੀ ਇਹ ਰਸਾਇਣ ਨਾੜੀਆਂ ਵਿੱਚ ਦਾਖਲ ਹੁੰਦਾ ਹੈ, ਵਿਅਕਤੀ ਕੁਝ ਮਿੰਟਾਂ ਤੋਂ ਲੈ ਕੇ ਲੰਬੇ ਸਮੇਂ ਲਈ ਬੇਹੋਸ਼ੀ ਵਿੱਚ ਚਲਾ ਜਾਂਦਾ ਹੈ। ਬੇਹੋਸ਼ੀ ਤੋਂ ਉੱਠ ਕੇ ਉਹ ਅੱਧੀ ਬੇਹੋਸ਼ੀ ਦੀ ਹਾਲਤ ਵਿੱਚ ਚਲਾ ਜਾਂਦਾ ਹੈ। ਇਸ ਹਾਲਤ ਵਿੱਚ ਉਹ ਸਾਰਾ ਸੱਚ ਦੱਸਦਾ ਰਹਿੰਦਾ ਹੈ। ਇਸ ਟੈਸਟ ਲਈ ਦਿੱਤੀ ਜਾਣ ਵਾਲੀ ਦਵਾਈ ਬਹੁਤ ਖਤਰਨਾਕ ਹੈ। ਮਾਮੂਲੀ ਜਿਹੀ ਗਲਤੀ ਹੋ ਜਾਵੇ ਤਾਂ ਮੌਤ ਵੀ ਹੋ ਸਕਦੀ ਹੈ, ਉਹ ਕੋਮਾ ਵਿਚ ਜਾ ਸਕਦਾ ਹੈ, ਜਾਂ ਉਮਰ ਭਰ ਲਈ ਅਪਾਹਜ ਹੋ ਸਕਦਾ ਹੈ।
6. ਕੀ ਦੋਸ਼ੀ ਝੂਠ ਨਹੀਂ ਬੋਲ ਸਕਦਾ?
ਮੰਨਿਆ ਜਾਂਦਾ ਹੈ ਕਿ ਦੋਸ਼ੀ ਅੱਧੀ ਬੇਹੋਸ਼ੀ ਦੀ ਹਾਲਤ ਵਿੱਚ ਜੋ ਵੀ ਬੋਲਦਾ ਹੈ, ਉਹ ਲਗਭਗ ਸੱਚ ਹੁੰਦਾ ਹੈ। ਹਾਲਾਂਕਿ, ਕੁਝ ਮਾਮਲਿਆਂ ਵਿੱਚ, ਸ਼ਾਤਿਰ ਅਪਰਾਧੀ ਵੀ ਝੂਠ ਬੋਲਦੇ ਹਨ। ਨਿਠਾਰੀ ਕੇਸ ਦੇ ਮੁਲਜ਼ਮਾਂ ਦਾ ਨਾਰਕੋ ਟੈਸਟ ਵੀ ਕੀਤਾ ਗਿਆ ਸੀ ਪਰ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ ਸੀ। 2007 ‘ਚ ਹੈਦਰਾਬਾਦ ਦੋਹਰੇ ਧਮਾਕਿਆਂ ‘ਚ ਅਬਦੁਲ ਕਰੀਮ ਅਤੇ ਇਮਰਾਨ ‘ਤੇ ਵੀ ਅਜਿਹਾ ਹੀ ਟੈਸਟ ਕੀਤਾ ਗਿਆ ਸੀ ਪਰ ਜਾਂਚ ‘ਚ ਕੁਝ ਨਵਾਂ ਸਾਹਮਣੇ ਨਹੀਂ ਆਇਆ ਸੀ ।
7. ਇਹ ਪੁਲਿਸ ਦੀ ਕਿਵੇਂ ਮਦਦ ਕਰੇਗਾ?
ਪੁਲਿਸ ਨੂੰ ਆਸ ਹੈ ਕਿ ਮੁਲਜ਼ਮ ਆਫਤਾਬ ਨਾਰਕੋ ਟੈਸਟ ਵਿੱਚ ਕਈ ਰਾਜ਼ ਖੋਲ੍ਹ ਸਕਦਾ ਹੈ। ਅਜੇ ਤੱਕ ਆਫਤਾਬ ਨੇ ਬਹੁਤੀਆਂ ਗੱਲਾਂ ਨਹੀਂ ਦੱਸੀਆਂ ਜਾਂ ਜਿਹੜੀਆਂ ਵੀ ਦੱਸੀਆਂ ਉਹਨਾਂ ਨੂੰ ਉਹ ਬਾਰ-ਬਾਰ ਪਲਟ ਰਿਹਾ ਹੈ। ਟੈਸਟ ਦੌਰਾਨ 50 ਤੋਂ ਵੱਧ ਸਵਾਲ ਪੁੱਛੇ ਜਾਣਗੇ, ਜੋ ਪੁਲਿਸ ਨੂੰ ਜਾਂਚ ਵਿੱਚ ਮਦਦ ਕਰਨਗੇ। ਪੁਲਿਸ ਆਫਤਾਬ ਦੇ ਜਵਾਬ ਦੇ ਆਧਾਰ ‘ਤੇ ਸਬੂਤ ਇਕੱਠੇ ਕਰ ਸਕਦੀ ਹੈ।
8. ਕੀ ਇਹ ਟੈਸਟ ਅਦਾਲਤ ਵਿੱਚ ਜਾਇਜ਼ ਹੋਵੇਗਾ?
ਨਹੀਂ, ਨਾਰਕੋ ਟੈਸਟ ਦੌਰਾਨ ਮੁਲਜ਼ਮ ਦੇ ਬਿਆਨ ਅਦਾਲਤ ਵਿੱਚ ਨਹੀਂ ਮੰਨੇ ਜਾਂਦੇ। ਭਾਵ, ਜੇਕਰ ਆਫਤਾਬ ਸਾਰਾ ਸੱਚ ਦੱਸ ਦੇਵੇ, ਤਾਂ ਵੀ ਅਦਾਲਤ ਵਿੱਚ ਉਸਦਾ ਦੋਸ਼ ਸਾਬਿਤ ਨਹੀਂ ਹੋ ਸਕਦਾ। ਆਫਤਾਬ ਨੂੰ ਦੋਸ਼ੀ ਸਾਬਤ ਕਰਨ ਲਈ ਉਸ ਦੇ ਖਿਲਾਫ ਸਬੂਤ ਇਕੱਠੇ ਕਰਨੇ ਪੈਣਗੇ। ਹਾਲਾਂਕਿ, ਕੁਝ ਸਥਿਤੀਆਂ ਵਿੱਚ ਇਸ ਨੂੰ ਸਬੂਤ ਵਜੋਂ ਪੇਸ਼ ਕੀਤਾ ਜਾ ਸਕਦਾ ਹੈ।
9. ਨਾਰਕੋ ਟੈਸਟ ਕਿੰਨੀ ਵਾਰ ਹੋਇਆ ਹੈ?
ਭਾਰਤ ਵਿੱਚ ਹੁਣ ਤੱਕ ਕਈ ਮਾਮਲਿਆਂ ਵਿੱਚ ਨਾਰਕੋ ਟੈਸਟ ਕੀਤਾ ਜਾ ਚੁੱਕਾ ਹੈ। 2007 ਦੇ ਨਿਠਾਰੀ ਕਾਂਡ ਅਤੇ 26/11 ਮੁੰਬਈ ਹਮਲਿਆਂ ਦੇ ਦੋਸ਼ੀ ਅਜਮਲ ਕਸਾਬ ਦਾ ਨਾਰਕੋ ਟੈਸਟ ਕੀਤਾ ਗਿਆ ਸੀ।
10. ਕੀ ਹੈ ਸ਼ਰਧਾ ਕਤਲ ਕਾਂਡ?
ਸ਼ਰਧਾ ਵਾਲਕਰ ਅਤੇ ਆਫਤਾਬ ਪੂਨਾਵਾਲਾ ਲਿਵ-ਇਨ ‘ਚ ਰਹਿ ਰਹੇ ਸਨ। 2019 ਤੋਂ ਦੋਵੇਂ ਰਿਲੇਸ਼ਨ ਵਿੱਚ ਸਨ। ਮੁੰਬਈ ਵਿੱਚ ਇਕੋ ਹੀ ਕਾਲ ਸੈਂਟਰ ਵਿੱਚ ਕੰਮ ਕਰਦੇ ਸੀ। ਉਨ੍ਹਾਂ ਦਾ ਰਿਸ਼ਤਾ ਪਰਿਵਾਰਕ ਮੈਂਬਰਾਂ ਨੂੰ ਮਨਜ਼ੂਰ ਨਹੀਂ ਸੀ, ਇਸ ਲਈ ਦੋਵੇਂ ਇਸ ਸਾਲ ਦਿੱਲੀ ਆ ਗਏ ਅਤੇ ਮਹਿਰੌਲੀ ਦੇ ਇੱਕ ਫਲੈਟ ਵਿੱਚ ਰਹਿਣ ਲੱਗੇ। ਦੋਵਾਂ ਵਿਚਾਲੇ ਅਕਸਰ ਝਗੜਾ ਹੁੰਦਾ ਸੀ। 18 ਮਈ ਦੀ ਰਾਤ ਨੂੰ ਦੋਵਾਂ ਵਿਚਾਲੇ ਵਿਆਹ ਨੂੰ ਲੈ ਕੇ ਲੜਾਈ ਹੋ ਗਈ। ਇਸ ਤੋਂ ਬਾਅਦ ਆਫਤਾਬ ਨੇ ਉਸ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਆਫਤਾਬ ਨੇ ਸ਼ਰਧਾ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ। ਇਹ ਟੁਕੜੇ ਵੱਖ-ਵੱਖ ਥਾਵਾਂ ‘ਤੇ ਸੁੱਟੇ ਗਏ ਸਨ ਤਾਂ ਜੋ ਫੜੇ ਨਾ ਜਾ ਸਕਣ। ਹੁਣ ਤੱਕ ਪੁਲਿਸ ਨੂੰ ਲਾਸ਼ ਦੇ ਕੁਝ ਟੁਕੜੇ ਮਿਲੇ ਹਨ। ਖੋਪੜੀ ਦੀਆਂ ਕੁਝ ਹੱਡੀਆਂ ਵੀ ਮਿਲੀਆਂ ਹਨ। ਉਨ੍ਹਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਆਫਤਾਬ ਨੇ ਸ਼ਰਧਾ ਦਾ ਸਿਰ ਮਹਿਰੌਲੀ ਦੇ ਜੰਗਲ ‘ਚ ਛੱਪੜ ‘ਚ ਸੁੱਟਣ ਦੀ ਗੱਲ ਕਹੀ ਹੈ। ਉਸ ਦੇ ਬਿਆਨ ‘ਤੇ ਹੁਣ ਛੱਪੜ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।