ਅੰਮ੍ਰਿਤਸਰਃ ਬੁੱਧਵਾਰ ਨੂੰ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਸਰਕਾਰ ਵਿਰੁੱਧ ਪੰਜਾਬ ’ਚ ਹਰ ਥਾਂ ’ਤੇ ਧਰਨਾ ਲਗਾਇਆ ਗਿਆ ਸੀ, ਉਸ ’ਤੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਆਪਣਾ ਪ੍ਰਤੀਕਰਮ ਦਿੱਤਾ। ਔਜਲਾ ਨੇ ਕਿਹਾ ਕਿ ਮੈਂ ਹਮੇਸ਼ਾ ਕਿਸਾਨਾਂ ਦੇ ਹੱਕ ਵਿਚ ਖੜ੍ਹਾ ਹਾਂ ਅਤੇ ਪਹਿਲੇ ਵੀ ਬਤੌਰ ਮੈਂਬਰ ਪਾਰਲੀਮੈਂਟ ਮੇਰੇ ਵੱਲੋਂ ਨਵੀਂ ਦਿੱਲੀ ਵਿਖੇ ਇਕ ਸਾਲ ਲਗਾਤਾਰ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਲਗਾਇਆ ਗਿਆ ਸੀ ਤੇ ਅੱਜ ਵੀ ਮੈਂ ਕਿਸਾਨਾਂ ਦੇ ਹੱਕ ਵਿਚ ਹਾਂ ਅਤੇ ਇਹ ਵੀ ਸੱਚ ਹੈ ਕਿ ਮੌਜੂਦਾ ‘ਆਪ’ ਦੀ ਪੰਜਾਬ ਸਰਕਾਰ ਕਿਸਾਨੀ ਮਸਲਿਆਂ ’ਤੇ ਗੰਭੀਰ ਨਹੀਂ।
ਉਨ੍ਹਾਂ ਕਿਹਾ ਮੈਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਕਿ ਅੰਮ੍ਰਿਤਸਰ ਸ਼ਹਿਰ ਜੋ ਕਿ ਪਵਿੱਤਰ ਸ਼ਹਿਰ ਹੈ, ਗੁਰੂ ਦੀ ਨਗਰੀ ਹੈ ਤੇ ਜਿਥੇ ਦੇਸ਼ਾਂ ਵਿਦੇਸ਼ਾਂ ਤੋਂ ਯਾਤਰੀਆਂ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ, ਭਗਵਾਨ ਵਾਲਮੀਕਿ ਜੀ ਦੇ ਸਥਾਨ ਰਾਮ ਤੀਰਥ ਤੇ ਜਲ੍ਹਿਆਵਾਲਾ ਬਾਗ ਵਿਖੇ ਨਤਮਸਤਕ ਹੋਣ ਆਉਂਦੇ ਹਨ ਤੇ ਉਸ ਸ਼ਹਿਰ ’ਚ ਮੇਨ ਪੁਲ ਭੰਡਾਰੀ ਪੁੱਲ ’ਤੇ ਧਰਨਾ ਲਗਾਉਣਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਹ ਪੁੱਲ ਹੀ ਏਅਰਪੋਰਟ, ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੋਂ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਰਾਹ ਨੂੰ ਜੋੜਦਾ ਹੈ ਤੇ ਇਹ ਪੁੱਲ ਰੋਕਣਾ ਬੇਹੱਦ ਮੰਦਭਾਗਾ ਹੈ।