ਪੰਜਾਬ ਦੇ ਸਾਬਕਾ ਸੀ.ਐਮ. ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਰਹੇ ਸੰਦੀਪ ਸੰਧੂ ਦੀਆਂ ਮੁਸ਼ਕਿਲਾਂ ਵੱਧਦੀਆਂ ਹੋਈਆਂ ਵਿਖਾਈ ਦੇ ਰਹੀਆਂ ਹਨ। ਹੁਣ ਲੁਧਿਆਣਾ ਵਿਜੀਲੈਂਸ ਟੀਮ ਨੇ ਸੰਦੀਪ ਸੰਧੂ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਹ ਜਾਂਚ-ਪੜਤਾਲ ਸਟਰੀਟ ਲਾਈਟ ਘੁਟਾਲੇ ਦੇ ਸਬੰਧ ਵਿਚ ਕੀਤੀ ਜਾ ਰਹੀ ਹੈ। ਦਸ ਦਈਏ ਕਿ ਸੰਦੀਪ ਸੰਧੂ ‘ਤੇ 65 ਲੱਖ ਰੁਪਏ ਦੇ ਸਟਰੀਟ ਲਾਈਟ ਘੁਟਾਲੇ, 23 ਲੱਖ ਰੁਪਏ ਦੇ ਆਰਓ ਅਤੇ 53 ਲੱਖ ਰੁਪਏ ਦੇ ਸਪੋਰਟਸ ਕਿੱਟ ਘੁਟਾਲੇ ਦੇ ਆਰੋਪ ਹਨ। ਦੱਸਿਆ ਜਾ ਰਿਹਾ ਹੈ ਕਿ ਸੰਧੂ ਤੋਂ ਇਲਾਵਾ ਵਿਜੀਲੈਂਸ ਨੇ ਦੋ ਹੋਰ ਵਿਅਕਤੀਆਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਕਰੀਬ 2 ਘੰਟੇ ਚੱਲੀ ਪੁੱਛਗਿੱਛ ਦੌਰਾਨ ਸੰਦੀਪ ਸੰਧੂ ਦੇ ਰਿਸ਼ਤੇਦਾਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਹੈ।
ਲੁਧਿਆਣਾ ਵਿਜੀਲੈਂਸ ਦੇ ਐਸਐਸਪੀ ਸੂਬਾ ਸਿੰਘ ਦਾ ਕਹਿਣਾ ਹੈ ਕਿ ਸੰਦੀਪ ਸੰਧੂ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਜ਼ਮਾਨਤ ‘ਤੇ ਬਾਹਰ ਆਏ ਸੰਧੂ ਤੋਂ ਅੱਜ ਘੁਟਾਲਿਆਂ ਬਾਰੇ ਪੁੱਛਗਿੱਛ ਕੀਤੀ ਗਈ। ਇਸ ਪੁੱਛਗਿੱਛ ਦੌਰਾਨ ਲਾਈਟਿੰਗ ਠੇਕੇਦਾਰ ਗੌਰਵ ਸ਼ਰਮਾ ਅਤੇ ਹਰਪ੍ਰੀਤ ਸਿੰਘ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ।
ਜ਼ਿਕਰ ਕਰ ਦਈਏ ਕਿ ਸਿੰਧਵਾ ਬੇਟ ਵਿੱਚ ਕੈਪਟਨ ਦੇ ਕਰੀਬੀ ਸੰਦੀਪ ਸਿੰਘ ਸੰਧੂ ਦੀ ਤਰਫੋਂ ਸਟਰੀਟ ਲਾਈਟਾਂ ਲਗਾਈਆਂ ਗਈਆਂ ਸਨ। ਇਨ੍ਹਾਂ ਸਟਰੀਟ ਲਾਈਟਾਂ ’ਤੇ 65 ਲੱਖ ਰੁਪਏ ਖਰਚ ਕੀਤੇ ਗਏ। ਇਸ ਦੌਰਾਨ 23 ਲੱਖ ਰੁਪਏ ਦੀ ਕੀਮਤ ਦੇ ਆਰ.ਓ ਸਿਸਟਮ ਲਗਾਏ ਗਏ, ਜਦਕਿ 53 ਲੱਖ ਰੁਪਏ ਦੀ ਸਪੋਰਟਸ ਕਿੱਟ ਲਗਾਈ ਗਈ। ਲਾਈਟਾਂ ਲਗਾਉਣ ਵਾਲੇ ਗੌਰਵ ਸ਼ਰਮਾ ਅਤੇ ਹਰਪ੍ਰੀਤ ਸਿੰਘ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ। ਅੱਜ ਸੰਦੀਪ ਸੰਧੂ ਸਮੇਤ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਵਿਜੀਲੈਂਸ ਟੀਮ ਵੱਲੋਂ ਪੁੱਛਗਿੱਛ ਲਈ ਬੁਲਾਇਆ ਗਿਆ ਹੈ।