ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕੱਲ੍ਹ ਚੰਡੀਗਡ਼੍ਹ ਆ ਰਹੇ ਹਨ। ਸੂਤਰ ਦੱਸਦੇ ਹਨ ਕਿ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਹ ਵੱਡੇ ਐਲਾਨ ਕਰ ਸਕਦੇ ਹਨ। ਪੰਜਾਬ ਵਿੱਚ ਚੱਲ ਰਹੇ ਬਿਜਲੀ ਸੰਕਟ ਨੂੰ ਲੈ ਕੇ ਲੋਕਾਂ ਨੂੰ ਬਿਜਲੀ ਤੋਂ ਰਾਹਤ ਦਿਵਾਉਣ ਲਈ ਅਰਵਿੰਦ ਕੇਜਰੀਵਾਲ ਦਿੱਲੀ ਮਾਡਲ ‘ਤੇ ਕਈ ਐਲਾਨ ਕਰ ਸਕਦੇ ਹਨ। ਇਸ ਤੋਂ ਇਲਾਵਾ ਮੁਫ਼ਤ ਬਿਜਲੀ ਦੇਣ ਦਾ ਐਲਾਨ ਵੀ ਕਰ ਸਕਦੇ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵਿੱਟਰ ‘ਤੇ ਦਿੱਤੀ ਹੈ। ਇਸ ਮਹੀਨੇ ‘ਚ ਕੇਜਰੀਵਾਲ ਦੀ ਇਹ ਦੂਜੀ ਫੇਰੀ ਹੈ।
ਦੱਸ ਦੇਈਏ ਸੋਮਵਾਰ ਨੂੰ ਕੇਜਰੀਵਾਲ ਨੇ ਪੰਜਾਬੀ ਭਾਸ਼ਾ ‘ਚ ਟਵੀਟ ਕਰ ਆਪਣੇ ਕੱਲ੍ਹ ਚੰਡੀਗੜ੍ਹ ਦੇ ਦੌਰੇ ਦੀ ਜਾਣਕਾਰੀ ਦਿੱਤੀ। ਕੇਜਰੀਵਾਲ ਨੇ ਆਪਣੇ ਟਵੀਟ ‘ਚ ਕਿਹਾ ਕਿ ਪੰਜਾਬ ‘ਚ ਸੱਤਾ ‘ਚ ਆਉਣ ਤੋਂ ਬਾਅਦ ਦਿੱਲੀ ਦੀ ਤਰਜ਼ ‘ਤੇ ਫ੍ਰੀ ਬਿਜਲੀ ਦੇਣਗੇ। ਉਹ ਇਸ ਦੌਰਾਨ ਔਰਤਾਂ ਲਈ ਵੱਡੇ ਐਲਾਨ ਕਰ ਸਕਦੇ ਹਨ। ਉਹ ਮਹਿੰਗਾਈ ‘ਚ ਔਰਤਾਂ ਲਈ ਬਚਤ ਕਰਨ ਦੀ ਯੋਜਨਾ ਬਾਰੇ ਐਲਾਨ ਕਰ ਸਕਦੇ ਹਨ।