ਚੋਣ ਕਮਿਸ਼ਨ ਵੱਲੋਂ ਉੱਤਰਾਖੰਡ ਵਿੱਚ ਜ਼ਿਮਨੀ ਚੋਣ ਕਰਵਾਏ ਜਾਣ ਤੋਂ ਇਨਕਾਰ ਦੀਆਂ ਸੰਭਾਵਨਾਵਾਂ ਦਰਮਿਆਨ ਸੂਬੇ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਰਾਜਪਾਲ ਨੂੰ ਅਸਤੀਫਾ ਸੌਂਪ ਦਿੱਤਾ ਹੈ। ਭਾਜਪਾ ਦੀ ਵਿਧਾਇਕ ਦਲ ਦੀ ਭਲਕੇ ਮੀਟਿੰਗ ਸੱਦੀ ਗਈ ਹੈ ਜਿਸ ਵਿੱਚ ਨਵੇਂ ਮੁੱਖ ਮੰਤਰੀ ਦੀ ਚੋਣ ਕੀਤੀ ਜਾ ਸਕਦੀ ਹੈ। ਚੇਤੇ ਰਹੇ ਕਿ ਭਾਜਪਾ ਹਾਈ ਕਮਾਨ ਨੇ ਤ੍ਰਿਵੇਂਦਰ ਸਿੰਘ ਰਾਵਤ ਨੂੰ ਲਾਂਭੇ ਕਰਕੇ ਉਨ੍ਹਾਂ ਦੀ ਥਾਂ ਤੀਰਥ ਸਿੰਘ ਰਾਵਤ ਨੂੰ ਉੱਤਰਾਖੰਡ ਦਾ ਮੁੱਖ ਮੰਤਰੀ ਥਾਪਿਆ ਸੀ। ਇਸ ਅਹੁਦੇ ’ਤੇ ਬਣੇ ਰਹਿਣ ਲਈ ਰਾਵਤ ਨੂੰ ਛੇ ਮਹੀਨਿਆਂ ਦੇ ਅੰਦਰ ਜ਼ਿਮਨੀ ਚੋਣ ਜਿੱਤਣੀ ਜ਼ਰੂਰੀ ਸੀ, ਪਰ ਚੋਣ ਕਮਿਸ਼ਨ ਦੇ ਜ਼ਿਮਨੀ ਚੋਣ ਕਰਵਾਉਣ ਤੋਂ ਕੀਤੀ ਜਾ ਰਹੀ ਨਾਂਹ-ਨੁੱਕਰ ਕੀਤੇ ਜਾਣ ਕਾਰਨ ਰਾਵਤ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਦੀ ਮੰਨੀਏ ਭਾਜਪਾ ਹਾਈ ਕਮਾਨ ਰਾਵਤ ਦੀ ਥਾਂ ਚੁਣੇ ਹੋਏ ਵਿਧਾਇਕਾਂ ’ਚੋਂ ਕਿਸੇ ਨੂੰ ਇਸ ਅਹੁਦੇ ’ਤੇ ਬਿਠਾ ਸਕਦੀ ਹੈ। ਉੱਤਰਾਖੰਡ ਵਿੱਚ ਅਸੈਂਬਲੀ ਚੋਣਾਂ ਅਗਲੇ ਸਾਲ ਹੋਣੀਆਂ ਹਨ। ਪੀਟੀਆਈ