CBI ਰਿਮਾਂਡ ਖ਼ਤਮ ਹੋਣ ਤੋਂ ਬਾਅਦ ਦਿੱਲੀ ਆਬਕਾਰੀ ਨੀਤੀ ਘੁਟਾਲੇ ‘ਚ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੂੰ ਅੱਜ ਮੁੜ ਤੋਂ ਰਾਊਜ਼ ਐਵੇਨਿਊ ਕੋਰਟ ‘ਚ ਪੇਸ਼ ਕੀਤਾ ਗਿਆ। ਇਸ ਦੌਰਾਨ ਕੋਰਟ ਨੇ ਮਨੀਸ਼ ਸਿਸੋਦੀਆਂ ਦਾ 2 ਦਿਨਾਂ ਰਿਮਾਂਡ ਦੇ ਦਿੱਤਾ ਹੈ। ਹਾਲਾਂਕਿ, ਸੁਣਵਾਈ ਦੌਰਾਨ ਸੀ. ਬੀ. ਆਈ. ਨੇ ਸਿਸੋਦੀਆ ਦੀ 3 ਦਿਨ ਦੀ ਕਸਟਡੀ ਦੀ ਮੰਗ ਕੀਤੀ ਪਰ ਕੋਰਟ ਨੇ 2 ਦਿਨ ਦੀ ਰਿਮਾਂਡ ਹੀ ਦਿੱਤੀ ਹੈ। ਮਨੀਸ਼ ਸਿਸੋਦੀਆ ਨੇ ਜ਼ਮਾਨਤ ਪਟੀਸ਼ਨ ਲਈ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ‘ਚ ਕੱਲ ਹੀ ਪਟੀਸ਼ਨ ਦਾਇਰ ਕੀਤੀ ਸੀ। ਸਿਸੋਦੀਆ ਨੇ ਪਟੀਸ਼ਨ ‘ਚ ਕਿਹਾ ਕਿ ਸੀ. ਬੀ. ਆਈ. ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ। ਜਿਸ ਦੀ ਸੁਣਵਾਈ ਹੁਣ 10 ਮਾਰਚ ਨੂੰ ਹੋਵੇਗੀ।
ਦੱਸ ਦੇਈਏ ਸਿਸੋਦੀਆ ਨੂੰ 2021-22 ਲਈ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ‘ਚ ਭ੍ਰਿਸ਼ਟਾਚਾਰ ਦੇ ਮਾਮਲੇ ‘ਚ 26 ਫਰਵਰੀ ਨੂੰ 8 ਘੰਟੇ ਦੀ ਪੁੱਛ-ਗਿੱਛ ਮਗਰੋਂ ਐਤਵਾਰ ਦੇਰ ਸ਼ਾਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੀ. ਬੀ. ਆਈ. ਨੇ ਸਿਸੋਦੀਆ ਦੀ 5 ਦਿਨ ਦੀ ਹਿਰਾਸਤ ਸਮਾਂ ਖ਼ਤਮ ਹੋਣ ਮਗਰੋਂ ਉਨ੍ਹਾਂ ਨੂੰ ਵਿਸ਼ੇਸ਼ ਜੱਜ ਐੱਮ. ਕੇ. ਨਾਗਪਾਲ ਦੇ ਸਾਹਮਣੇ ਪੇਸ਼ ਕੀਤਾ। ਏਜੰਸੀ ਨੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛ-ਗਿੱਛ ਕਰਨ ਦੀ ਬੇਨਤੀ ਕੀਤੀ।