ਦਿੱਲੀ ਦੇ ਡਿਪਟੀ ਸੀ.ਐਮ. ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਅੱਜ ਯਾਨੀ ਮੰਗਲਵਾਰ ਨੂੰ ਆਪਣੇ ਅਹੁਦਿਆਂ ਤੋ ਅਸਤੀਫਾ ਦੇ ਦਿੱਤਾ ਹੈ। ਉਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹਨਾਂ ਦੋਵਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਇਥੇ ਦਸਣਯੋਗ ਹੈ ਕਿ ਸਿਸੋਦੀਆ ਭ੍ਰਿਸ਼ਟਾਚਾਰ ਅਤੇ ਆਬਕਾਰੀ ਨੀਤੀ ਵਿੱਚ ਧਾਂਦਲੀ ਦੇ ਇਲਜ਼ਾਮ ਹੇਠ ਸੀ.ਬੀ.ਆਈ ਵਲੋਂ ਗ੍ਰਿਫ਼ਤਾਰ ਕਰਨ ਤੋ ਬਾਅਦ 5 ਦਿਨਾਂ ਦੀ ਸੀ.ਬੀ.ਆਈ. ਰਿਮਾਂਡ ‘ਤੇ ਚੱਲ ਰਹੇ ਹਨ, ਉੱਥੇ ਹੀ ਸਿਹਤ ਮੰਤਰੀ ਸਤੇਂਦਰ ਜੈਨ ਪਹਿਲਾਂ ਤੋਂ ਹੀ ਮਨੀ ਲਾਂਡਰਿੰਗ ਮਾਮਲੇ ‘ਚ ਜੇਲ੍ਹ ‘ਚ ਬੰਦ ਹਨ। ਸੀ.ਬੀ.ਆਈ. ਦੀ ਇਸ ਕਾਰਵਾਈ ਵਿਰੁੱਧ ਮੰਗਲਵਾਰ ਨੂੰ ਸਿਸੋਦੀਆ ਸੁਪਰੀਮ ਕੋਰਟ ਪਹੁੰਚੇ ਪਰ ਉੱਥੋਂ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਹਾਈ ਕੋਰਟ ਜਾਣ ਦੀ ਸਲਾਹ ਦਿੱਤੀ।
ਜਸਟਿਸ ਪੀ.ਐੱਸ. ਨਿਰਸਿਮਹਾ ਨੇ ਕਿਹਾ ਕਿ ਮਾਮਲਾ ਦਿੱਲੀ ‘ਚ ਹੋਣ ਦਾ ਇਹ ਮਤਲਬ ਨਹੀਂ ਕਿ ਤੁਸੀਂ ਸਿੱਧਾ ਸੁਪਰੀਮ ਕੋਰਟ ਦਾ ਰੁਖ ਕਰੋ। ਉਨ੍ਹਾਂ ਕਿਹਾ ਕਿ ਉਪ-ਮੁੱਖ ਮੰਤਰੀ ਸਿਸੋਦੀਆ ਕੋਲ ਆਪਣੀ ਜ਼ਮਾਨਤ ਨੂੰ ਲੈ ਕੇ ਕਈ ਬਦਲ ਹਨ। ਉਨ੍ਹਾਂ ਨੂੰ ਦਿੱਲੀ ਹਾਈ ਕੋਰਟ ਜਾਣਾ ਚਾਹੀਦਾ ਹੈ। ਇਸ ਮਾਮਲੇ ‘ਚ ਅਸੀਂ ਕੋਈ ਦਖਲ ਨਹੀਂ ਦੇ ਸਕਦੇ।
ਉੱਥੇ ਹੀ ਸੂਤਰਾਂ ਮੁਤਾਬਕ, ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਕੀਤਾ ਹੈ ਅਤੇ ਪਾਰਟੀ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੀ ਸਲਾਹ ‘ਤੇ ਹੁਣ ਇਸ ਮਾਮਲੇ ਨੂੰ ਹਾਈ ਕੋਰਟ ‘ਚ ਲੈ ਕੇ ਜਾਏਗੀ।