ਦੇਰ ਰਾਤ ਜੰਤਰ-ਮੰਤਰ ਵਿਖੇ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਧਰਨਾ ਦੇ ਰਹੇ ਪਹਿਲਾਵਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਹਾਸਲ ਜਾਣਕਾਰੀ ਮੁਤਾਬਕ ਝੜਪ ਦੌਰਾਨ ਦੋ ਪਹਿਲਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚ ਵਿਨੇਸ਼ ਫੋਗਾਟ ਦਾ ਭਰਾ ਵੀ ਸ਼ਾਮਲ ਦੱਸਿਆ ਜਾਂਦਾ ਹੈ। ਪਹਿਲਵਾਨਾਂ ਨੇ ਦਾਅਵਾ ਕੀਤਾ ਕਿ ਕੁਝ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਪੀ ਕੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਤੇ ਗਾਲ੍ਹਾਂ ਕੱਢੀਆਂ।
ਪੁਲਿਸ ਨੇ ਹਾਲਾਂਕਿ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸ ਦੌਰਾਨ ਪੂਨੀਆ ਨੇ ਕਿਸਾਨਾਂ ਤੇ ਉਨ੍ਹਾਂ ਦੇ ਆਗੂਆਂ ਨੂੰ ਵੀਰਵਾਰ ਸਵੇਰੇ ਧਰਨੇ ਵਾਲੀ ਥਾਂ ਇਕੱਤਰ ਹੋਣ ਦਾ ਸੱਦਾ ਦਿੱਤਾ ਹੈ। ਵਿਨੇਸ਼ ਫੋਗਾਟ ਤੇ ਹੋਰਨਾਂ ਮਹਿਲਾ ਪਹਿਲਵਾਨਾਂ ਨੇ ਭਰੇ ਮਨ ਨਾਲ ਕਿਹਾ ਕਿ ‘‘ਕੀ ਉਨ੍ਹਾਂ ਦੇਸ਼ ਵਾਸਤੇ ਤਗ਼ਮੇ ਇਸੇ ਦਿਨ ਲਈ ਜਿੱਤੇ ਸਨ।’’ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਆਗੂ ਸੋਮਨਾਥ ਭਾਰਤੀ ਸਣੇ ਕੁਝ ਹੋਰ ਲੋਕ ਦੇਰ ਰਾਤ ਧਰਨੇ ਵਾਲੀ ਥਾਂ ਮੰਜੇ ਲੈ ਕੇ ਪੁੱਜੇ ਸਨ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਧਰਨੇ ਉਤੇ ਬੈਠੇ ਪਹਿਲਵਾਨਾਂ ਨਾਲ ਤਕਰਾਰ ਹੋ ਗਈ।
ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨਾਲ ਬਦਸਲੂਕੀ ਤੇ ਕੁੱਟਮਾਰ ਕੀਤੀ। ਸੋਸ਼ਲ ਮੀਡੀਆ ਉਤੇ ਵੀਡੀਓ ਵਿੱਚ ਕੁਝ ਪ੍ਰਦਰਸ਼ਨਕਾਰੀ ਪਹਿਲਵਾਨ ਪੁਲਿਸ ਮੁਲਾਜ਼ਮਾਂ ਉਤੇ ਨਸ਼ੇ ਵਿਚ ਦੋ ਪਹਿਲਵਾਨਾਂ ’ਤੇ ਹਮਲਾ ਕੀਤੇ ਜਾਣ ਦਾ ਦੋਸ਼ ਲਾਉਂਦੇ ਸੁਣਦੇ ਹਨ।ਬਜਰੰਗ ਪੂਨੀਆ ਦੇ ਨਜ਼ਦੀਕੀ ਰਿਸ਼ਤੇਦਾਰ ਦੁਸ਼ਯੰਤ ਤੇ ਰਾਹੁਲ ਦੇ ਸਿਰ ’ਤੇ ਸੱਟਾਂ ਲੱਗੀਆਂ ਹਨ।
ਦਸ ਦਈਏ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਨੂੰ ਜਿਨਸੀ ਸ਼ੋਸ਼ਣ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪਹਿਲਵਾਨਾਂ ਵਲੋਂ ਜੰਤਰ ਮੰਤਰ ਉਤੇ ਧਰਨਾ ਲਗਾਇਆ ਹੋਇਆ ਹੈ।