ਫਿਜੀ ਦੇਸ਼ ਤੋਂ ਡਿਪੋਰਟ ਹੋਣ ਤੋਂ ਬਾਅਦ ਪਰਲ ਗਰੁੱਪ ਦੇ ਡਾਇਰੈਕਟਰ ਹਰਚੰਦ ਗਿੱਲ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਸੀਬੀਆਈ ਨੇ ਪਰਲ ਗਰੁੱਪ ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੀਡੀਆ ਰਿਪੋਰਟਾਂ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਹਰਚੰਦ ਗਿੱਲ ਨੂੰ ਬਹੁ-ਕਰੋੜੀ ਚਿੱਟ ਫੰਡ ਘੁਟਾਲੇ ਦੀ ਜਾਂਚ ਦੇ ਮੱਦੇਨਜ਼ਰ ਫਿਜੀ ਤੋਂ ਭਾਰਤ ਹਵਾਲੇ ਕੀਤਾ ਗਿਆ ਹੈ। ਗਿੱਲ ਨੂੰ ਸੋਮਵਾਰ ਦੇਰ ਰਾਤ ਫਿਜੀ ਤੋਂ ਲਿਆਂਦਾ ਗਿਆ ਸੀ, ਜਿਸ ਨੂੰ ਸੀਬੀਆਈ ਦੁਆਰਾ ਵਿਦੇਸ਼ਾਂ ਵਿੱਚ ਰਹਿੰਦੇ ਭਗੌੜਿਆਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੇ ਗਏ ‘ਆਪ੍ਰੇਸ਼ਨ ਤ੍ਰਿਸ਼ੂਲ’ ਤਹਿਤ ਦੀਪ ਸਮੂਹ ਤੋਂ ਡਿਪੋਰਟ ਕੀਤਾ ਗਿਆ ਸੀ। ਸੀਬੀਆਈ ਦਾ ਦਾਅਵਾ ਹੈ ਕਿ ਪਿਛਲੇ ਸਾਲ ਇਸ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕਰੀਬ 30 ਭਗੌੜਿਆਂ ਨੂੰ ਅਪਰੇਸ਼ਨ ਤਹਿਤ ਸਫਲਤਾਪੂਰਵਕ ਭਾਰਤ ਲਿਆਂਦਾ ਗਿਆ ਹੈ।
ਏਜੰਸੀ ਨੇ ਪਰਲਜ਼ ਗਰੁੱਪ ਅਤੇ ਇਸ ਦੇ ਸੰਸਥਾਪਕ ਨਿਰਮਲ ਸਿੰਘ ਭੰਗੂ ਵਿਰੁੱਧ 19 ਫਰਵਰੀ 2014 ਨੂੰ ਭੋਲੇ ਭਾਲੇ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਨਿਵੇਸ਼ਾਂ ਦੇ ਬਦਲੇ ਜ਼ਮੀਨ ਦੀ ਪੇਸ਼ਕਸ਼ ਕਰਕੇ ਕਰੋੜਾਂ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਜਾਂਚ ਸ਼ੁਰੂ ਕੀਤੀ ਸੀ। ਏਜੰਸੀ ਦਾ ਦੋਸ਼ ਹੈ ਕਿ ਕੰਪਨੀ ਨੇ ਦੇਸ਼ ਭਰ ਦੇ ਇਨ੍ਹਾਂ ਨਿਵੇਸ਼ਕਾਂ ਨੂੰ ਧੋਖਾ ਦੇ ਕੇ 60,000 ਕਰੋੜ ਰੁਪਏ ਤੋਂ ਵੱਧ ਦਾ ਚੂਨਾ ਲਗਾਇਆ। ਏਜੰਸੀ ਨੇ ਉਪਰੋਕਤ ਦੋਸ਼ਾਂ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ ਪਹਿਲਾਂ ਦਰਜ ਕੀਤੀ ਮੁਢਲੀ ਜਾਂਚ ਨੂੰ ਬਦਲਣ ਤੋਂ ਬਾਅਦ ਪਰਲਜ਼ ਗਰੁੱਪ ਦੇ ਤਤਕਾਲੀ ਚੇਅਰਮੈਨ/ਸੀਐਮਡੀ ਅਤੇ ਪ੍ਰਮੋਟਰ/ਡਾਇਰੈਕਟਰ ਅਤੇ ਹੋਰਾਂ ਵਿਰੁੱਧ 19 ਫਰਵਰੀ, 2019 ਨੂੰ ਕੇਸ ਦਰਜ ਕੀਤਾ ਸੀ।