ਪੰਜਾਬ ਪੁਲਿਸ ਵਲੋਂ ਭਗੌੜਾ ਕਰਾਰ ਦਿੱਤੇ ਗਏ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਜਿਥੇ ਪੁਲਿਸ ਥਾਂ-ਥਾਂ ਛਾਪੇ ਮਾਰ ਰਹੀ ਹੈ। ਉਥੇ ਹੀ ਪੁਲਿਸ ਦੇ ਨਿਸ਼ਾਨੇ ‘ਤੇ ਅੰਮ੍ਰਿਤਪਾਲ ਦਾ ਪਰਿਵਾਰ ਆ ਚੁੱਕਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਬਾਰੇ ਵੀ ਜਾਂਚ ਸ਼ੁਰੂ ਹੋ ਗਈ ਹੈ। ਦਸ ਦਈਏ ਕਿ ਅੰਮ੍ਰਿਤਪਾਲ ਸਿੰਘ ਦਾ ਪਿਛਲੇ ਦਿਨੀਂ ਵਿਆਹ ਹੋਇਆ ਸੀ। ਉਨ੍ਹਾਂ ਦੀ ਪਤਨੀ ਇੰਗਲੈਂਡ ਦੀ ਰਹਿਣ ਵਾਲੀ ਹੈ। ਦੋਵਾਂ ਦਾ ਸੰਪਰਕ ਕਿਵੇਂ ਹੋਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਸੂਤਰਾਂ ਦਾ ਕਹਿਣਾ ਹੈ ਕਿ ਦੋਵਾਂ ਦਾ ਗੁਪਤ ਤਰੀਕੇ ਨਾਲ ਵਿਆਹ ਹੋਇਆ ਸੀ। ਇਸ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਦੋਵਾਂ ਦਾ ਸੰਪਰਕ ਕਿਵੇਂ ਹੋਇਆ ਸੀ।
ਅੰਮ੍ਰਿਤਪਾਲ ਦੀ ਆਖ਼ਰੀ ਲੋਕੇਸ਼ਨ ਸ਼ਾਹਕੋਟ ਇਲਾਕੇ ਦੀ ਆਈ ਹੈ ਅਤੇ ਉਸ ਦੀ ਭਾਲ ਲਈ ਪੁਲਿਸ ਵੱਲੋਂ ਸਾਰੇ ਮੋਬਾਈਲ ਨੈੱਟਵਰਕ ਖੰਗਾਲੇ ਜਾ ਰਹੇ ਹਨ। ਪੁਲਿਸ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਅਹਿਮ ਮੰਨ ਕੇ ਚੱਲ ਰਹੀ ਹੈ। ਖ਼ੁਫ਼ੀਆ ਵਿੰਗ ਵੱਲੋਂ ਉਨ੍ਹਾਂ ਸਮਰਥਕਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ, ਜਿਨ੍ਹਾਂ ਵੱਲੋਂ ਇਸ ਅਪਰੇਸ਼ਨ ਦੇ ਵਿਰੋਧ ’ਚ ਕੋਈ ਰੋਹ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।