ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚੈਲੰਜ ਕਰਨ ਵਾਲੇ ਪੁਲਿਸ ਮੁਲਾਜ਼ਮ ਸੰਦੀਪ ਸਿੰਘ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਇਸ ਦੌਰਾਨ ਮੌਕੇ ’ਤੇ ਪਹੁੰਚੀ ਪੁਲਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੰਦੀਪ ਦੇ ਮਾਤਾ ਦੇ ਬਿਆਨਾਂ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਜੋ ਵੀ ਮਾਤਾ-ਪਿਤਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਜਾਏਗੀ, ਉਸ ਦੇ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ।
ਇਥੇ ਦਸਣਯੋਗ ਹੈ ਕਿ 2022 ਦੀਆਂ ਚੋਣਾਂ ਦੌਰਾਨ ਉਸ ਸਮੇਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਨ ਅਤੇ ਚੋਣ ਮੁਹਿੰਮ ਦੌਰਾਨ ਉਹਨਾਂ ਨੇ ਇਕ ਵਿਵਾਦਿਤ ਬਿਆਨ ਦਿੱਤਾ ਗਿਆ ਸੀ। ਸਿੱਧੂ ਨੇ ਕਿਹਾ ਸੀ ਕਿ ਅੱਜ ਉਨ੍ਹਾਂ ਦੇ ਇਕ ਵਰਕਰ ਕਿਸੇ ਪੁਲਿਸ ਵਾਲੇ ਨੂੰ ਦਬਕਾ ਮਾਰ ਕੇ ਉਸ ਦੀ ਪੈਂਟ ਗਿੱਲੀ ਕਰ ਸਕਦੇ ਹਨ। ਇਸ ਵਿਵਾਦਿਤ ਬਿਆਨ ਤੋਂ ਬਾਅਦ ਪੁਲਸ ਅਧਿਕਾਰੀ ਸੰਦੀਪ ਸਿੰਘ ਵੱਲੋਂ ਸਿੱਧੂ ਨੂੰ ਆਪਣੇ ਹੀ ਅੰਦਾਜ਼ ਨਾਲ ਜਵਾਬ ਦਿੱਤਾ ਗਿਆ ਸੀ, ਉਨ੍ਹਾਂ ਕਿਹਾ ਸੀ ਕਿ ਤੁਸੀਂ ਐੱਮ.ਐੱਲ.ਏ. ਛੱਡੋ, ਸਿੱਧੂ ਖੁਦ ਮੈਨੂੰ ਦਬਕਾ ਮਾਰਨ, ਜੇਕਰ ਮੇਰੇ ਮੱਥੇ ‘ਤੇ ਪਸੀਨੇ ਦੀ ਇੱਕ ਬੂੰਦ ਵੀ ਆ ਗਈ ਤਾਂ ਉਹ ਸਿੱਧੂ ਦੀ ਜੁੱਤੀ ‘ਚ ਪਾਣੀ ਪੀਣ ਲਈ ਤਿਆਰ ਹਨ। ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋਏ ਸੀ।