ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ‘ਚ ਦੋਸ਼ੀ ਠਹਿਰਾਏ ਗਏ ਖੌਫਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ‘ਚ ਬੈਠ ਕੇ ਇਕ ਨਿੱਜੀ ਚੈੱਨਲ ਨਾਲ ਹੋਏ ਇੰਟਰਵਿਊ ਨੇ ਸਿਆਸਤ ਪੂਰੀ ਤਰ੍ਹਾ ਭਖਾ ਦਿੱਤੀ ਹੈ। ਜਿਸ ਤੋਂ ਬਾਅਦ ਪੰਜਾਬ ਸਰਕਾਰ ਹਰਕਤ ਵਿਚ ਆ ਗਈ ਹੈ ਅਤੇ ਪੰਜਾਬ ਪੁਲਿਸ ਨੂੰ ਸਖ਼ਤ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਪੰਜਾਬ ਦੇ ਮੁੱਖ ਸਕੱਤਰ ਨੇ ਮਾਮਲੇ ਦੀ ਜਾਂਚ ਦਾ ਹੁਕਮ ਜਾਰੀ ਕਰ ਦਿੱਤਾ। ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਇਸ ਮਾਮਲੇ ‘ਚ ਡੀ. ਜੀ. ਪੀ. ਪੰਜਾਬ ਨੂੰ ਪੂਰੀ ਜਾਂਚ ਕਰਕੇ ਦੋ ਦਿਨ੍ਹਾਂ ਦੇ ਅੰਦਰ-ਅੰਦਰ ਰਿਪੋਰਟ ਦੇਣ ਲਈ ਕਿਹਾ ਹੈ। ਹਾਲਸ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਮੁੱਖ ਸਕੱਤਰ ਵਿਜੈ ਕੁਮਾਰ ਵਲੋਂ ਡੀ. ਜੀ. ਪੀ. ਨੂੰ ਭੇਜੀਆਂ ਜਾਂਚ ਹਦਾਇਤਾਂ ‘ਚ ਇਹ ਪਤਾ ਲਾਉਣ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਬਿਸ਼ਨੋਈ ਦੀ ਉਕਤ ਇੰਟਰਵਿਊ ਕਿੱਥੇ ਅਤੇ ਕਿਸ ਜੇਲ੍ਹ ‘ਚ ਹੋਈ ਹੈ। ਇਹ ਵੀ ਪਤਾ ਲਗਾਉਣ ਲਈ ਕਿਹਾ ਗਿਆ ਹੈ ਕਿ ਜੇਲ੍ਹ ‘ਚ ਬੰਦ ਬਿਸ਼ਨੋਈ ਮੀਡੀਆ ਨਾਲ ਫ਼ੋਨ ਜਰਿਏ ਕਿਵੇਂ ਸੰਪਰਕ ‘ਚ ਆਇਆ ਹੈ।
ਦੱਸਣਯੋਗ ਹੈ ਕਿ ਟੀ.ਵੀ. ’ਤੇ ਇੰਟਰਵਿਊ ਚੱਲਣ ਤੋਂ ਬਾਅਦ ਬਠਿੰਡਾ ਜੇਲ੍ਹ, ਜਿੱਥੇ ਗੈਂਗਸਟਰ ਬਿਸ਼ਨੋਈ ਬੰਦ ਹੈ, ਦੇ ਸੁਪਰੀਡੈਂਟ ਜੇਲ੍ਹ ਨੇ ਸਪੱਸ਼ਟ ਰੂਪ ‘ਚ ਕਿਹਾ ਸੀ ਕਿ ਉਕਤ ਇੰਟਰਵਿਊ ਬਠਿੰਡਾ ਜੇਲ੍ਹ ਚੋਂ ਸੰਭਵ ਹੀ ਨਹੀਂ ਹੈ, ਕਿਉਂਕਿ ਬਠਿੰਡਾ ਜੇਲ੍ਹ ਪੂਰੀ ਤਰ੍ਹਾਂ ਜੈਮਰ ਅਧੀਨ ਹੈ, ਜਿੱਥੇ ਫ਼ੋਨ ਦਾ ਨੈੱਟਵਰਕ ਆ ਹੀ ਨਹੀਂ ਸਕਦਾ। ਉਥੇ ਹੀ ਇਸ ਮਾਮਲੇ ਵਿਚ ਰਾਜਸਥਾਨ ਪੁਲਿਸ ਦਾ ਕਹਿਣਾ ਹੈ ਕਿ ਇਹ ਇੰਟਰਵਿਊ ਉਹਨਾਂ ਦੀ ਕਿਸੇ ਜੇਲ੍ਹ ਦਾ ਨਹੀਂ ਹੈ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਬਠਿੰਡਾ ਜੇਲ੍ਹ ਵਿਚ ਆਉਣ ਤੋਂ ਪਹਿਲਾਂ ਬਿਸ਼ਨੋਈ ਰਾਜਸਥਾਨ ਜੇਲ੍ਹ ਵਿਚ ਬੰਦ ਸੀ। ਫਿਲਹਾਲ ਬਿਸ਼ਨੋਈ ਦੇ ਬਠਿੰਡਾ ਜੇਲ੍ਹ ਵਿਚ ਹੋਣ ਕਰਕੇ ਵਿਰੋਧੀਆਂ ਵਲੋਂ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਵੀਫ਼ਾ ਦੀ ਵੀ ਮੰਗ ਕੀਤੀ ਜਾ ਰਹੀ ਹੈ।