ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ, ਮੀਡੀਆ ਦੀ ਆਜ਼ਾਦੀ ‘ਤੇ ਹਮਲਾ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੇ ਬਰਾਬਰ ਹੈ। ਜੋ ਵੀ ਭਾਜਪਾ ਦੇ ਖਿਲਾਫ ਬੋਲਦਾ ਹੈ ਉਸਦ ਪਿੱਛੇ ਇਹ ਲੋਕ IT, CBI ਅਤੇ ED ਨੂੰ ਛੱਡ ਦਿੰਦੇ ਹਨ। ਕੀ ਭਾਜਪਾ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਅਤੇ ਸੰਸਥਾਵਾਂ ਨੂੰ ਕੁਚਲ ਕੇ ਪੂਰੇ ਦੇਸ਼ ਨੂੰ ਗੁਲਾਮ ਬਣਾਉਣਾ ਚਾਹੁੰਦੀ ਹੈ? ਇਹ ਕਹਿਣਾ ਹੈ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ। ਜਿੰਨਾ ਨੇ ਬੀਤੇ ਕੱਲ੍ਹ ਤੋਂ ਬੀਬੀਸੀ ਦੇ ਦਫ਼ਤਰਾਂ ‘ਤੇ ਇਨਕਮ ਟੈਕਸ ਦੀ ਹੋ ਰਹੀ ਰੇਡ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ।
ਦਸਣਯੋਗ ਹੈ ਕਿ ਆਈ.ਟੀ. ਵਿਭਾਗ ਦੇ ਸਰਵੇਖਣ ਨੂੰ ਲੈ ਕੇ ਭਾਜਪਾ ਅਤੇ ਵਿਰੋਧੀ ਦਲਾਂ ਵਿਚਾਲੇ ਤਿੱਖੀ ਸਿਆਸੀ ਬਹਿਸ ਵੀ ਸ਼ੁਰੂ ਹੋ ਗਈ। ਵਿਰੋਧੀ ਧਿਰ ਨੇ ਇਸ ਕਦਮ ਦੀ ਜਿੱਥੇ ਨਿੰਦਾ ਕੀਤੀ, ਉੱਥੇ ਹੀ ਭਾਜਪਾ ਨੇ ਬੀਬੀਸੀ ‘ਤੇ ਭਾਰਤ ਖ਼ਿਲਾਫ਼ ‘ਜ਼ਹਿਰੀਲੀ’ ਰਿਪੋਰਟਿੰਗ ਕਰਨ ਦਾ ਦੋਸ਼ ਲਗਾਇਆ। ਬੀਬੀਸੀ ਖ਼ਿਲਾਫ਼ ਇਨਕਮ ਟੈਕਸ ਵਿਭਾਗ ਦਾ ‘ਸਰਵੇਖਣ ਆਪਰੇਸ਼ਨ’ ਅੱਜ ਦੂਜੇ ਦਿਨ ਵੀ ਜਾਰੀ ਰਿਹਾ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਸੰਗਠਨ ਦੇ ਇਲੈਕਟ੍ਰਾਨਿਕ ਅਤੇ ਕਾਗਜ਼ ਆਧਾਰਤ ਵਿੱਤੀ ਅੰਕੜਿਆਂ ਦੀਆਂ ਕਾਪੀਆਂ ਬਣਾ ਰਹੇ ਹਨ। ਹੋਰ ਤਾਂ ਹੋਰ ਦਫ਼ਤਰ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਭਾਜਪਾ ‘ਤੇ ਇਹ ਵੀ ਇਲਜ਼ਾਮ ਲੱਗ ਰਹੇ ਹਨ ਬੀਬੀਸੀ ਵਲੋਂ ਜੋ ਮੋਦੀ ਸਰਕਾਰ ਖਿਲਾਫ਼ ਕੁਝ documentaries ਜਾਰੀ ਕੀਤੀਆਂ ਗਈਆਂ ਸੀ ਉਸ ਤੋਂ ਬਾਅਦ ਕੇਂਦਰ ਦੇ ਕਹਿਣ ‘ਤੇ ਇਨਕਮ ਟੈਕਸ ਵਿਭਾਗ ਵਲੋਂ ਬੀਬੀਸੀ ‘ਤੇ ਇਹ ਕਾਰਵਾਈ ਕੀਤੀ ਗਈ।