ਬਹਿਬਲ ਕਲਾਂ ‘ਚ ਇਕ ਸਾਲ ਤੋਂ ਵੱਧ ਸਮੇਂ ਤੋਂ ਬੇਅਦਬੀ ਇਨਸਾਫ਼ ਮੋਰਚੇ ਦੇ ਰੂਪ ‘ਚ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ ਅਤੇ ਸੂਬਾ ਸਰਕਾਰ ਦੇ ਨੁਮਾਇੰਦੇ ਸਮੇਂ-ਸਮੇਂ ‘ਤੇ ਇੱਥੇ ਆ ਕੇ ਭਰੋਸਾ ਦਿੰਦੇ ਹਨ ਪਰ ਕੋਈ ਕਾਰਵਾਈ ਨਹੀਂ ਹੁੰਦੀ ਜਿਸ ਤੋਂ ਬਾਅਦ ਮੋਰਚੇ ਨੇ 5 ਫਰਵਰੀ ਨੂੰ ਨੈਸ਼ਨਲ ਹਾਈਵੇਅ ‘ਤੇ ਧਰਨਾ ਦਿੱਤਾ ਅਤੇ ਦੋਵੇਂ ਸੜਕਾਂ ਜਾਮ ਕਰ ਦਿੱਤੀਆਂ। ਮੋਰਚੇ ਦੀ ਮੰਗ ਹੈ ਕਿ ਸੂਬਾ ਸਰਕਾਰ ਇਨ੍ਹਾਂ ਘਟਨਾਵਾਂ ਦੀ ਜਾਂਚ ਮੁਕੰਮਲ ਕਰਕੇ ਅਦਾਲਤ ‘ਚ ਚਾਰਜਸ਼ੀਟ ਦਾਇਰ ਕਰੇ ਤਾਂ ਜੋ ਮੁਲਜ਼ਮਾਂ ਖ਼ਿਲਾਫ਼ ਸੁਣਵਾਈ ਸ਼ੁਰੂ ਹੋ ਸਕੇ।
ਜਿਸ ਤੋਂ ਬਾਅਦ ਲੰਘੀ ਸ਼ਾਮ ਨੂੰ ਪੰਜਾਬ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖ਼ੁਦ ਮੋਰਚੇ ਵਿਚ ਪਹੁੰਚੇ। ਇਸ ਮੌਕੇ ਉਹਨਾਂ ਵਲੋਂ ਸਿੱਖ ਸੰਗਤ ਨੂੰ ਨੈਸ਼ਨਲ ਹਾਈਵੇ-54 ਖੋਲ੍ਹਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਨੂੰ ਇਕ ਹੋਰ ਮਹੀਨੇ ਦਾ ਸਮਾਂ ਦਿੱਤਾ ਜਾਵੇ। ਜਿਸ ਤੋਂ ਬਾਅਦ ਇਨਸਾਫ਼ ਮੋਰਚੇ ਨੇ ਹਾਈਵੇਅ ਦਾ ਇਕ ਪਾਸਾ ਖੋਲ੍ਹ ਦਿੱਤਾ ਹੈ, ਜਿਸ ਨਾਲ ਆਵਾਜਾਈ ਬਹਾਲ ਹੋ ਗਈ ਹੈ। ਦਸਣਯੋਗ ਹੈ ਕਿ ਬਹਿਬਲ ਇਨਸਾਫ਼ ਮੋਰਚੇ ਦੇ ਮੁਖੀ ਸੁਖਰਾਜ ਸਿੰਘ ਨੇ ਇਹ ਵੀ ਚੇਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਸਰਕਾਰ ਫਰਵਰੀ ਮਹੀਨੇ ਵਿਚ ਵੀ ਇਨਸਾਫ਼ ਨਾ ਦੇ ਸਕੀ ਤਾਂ 1 ਮਾਰਚ ਨੂੰ ਸਿਰਫ਼ ਬਹਿਬਲ ਕਲਾਂ ਹੀ ਨਹੀਂ ਬਲਕਿ ਆਲੇ-ਦੁਆਲੇ ਦੇ ਸਾਰੇ ਪਿੰਡ ਜਾਮ ਕੀਤੇ ਜਾਣਗੇ ਅਤੇ ਕੋਈ ਵਾਹਨ ਨੂੰ ਲੰਘਣ ਨਹੀਂ ਦਿੱਤਾ ਜਾਵੇਗਾ। ਦਸ ਦਈਏ ਕਿ ਨੈਸ਼ਨਲ ਹਾਈਵੇ-54 ਖੋਲ੍ਹਣ ਨੂੰ ਲੈਕੇ ਬੀਤੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਨਸਾਫ਼ ਮੋਰਚੇ ਨੂੰ ਅਪੀਲ ਕਰਦਿਆਂ ਟਵੀਟ ਕਰਕੇ ਕਾਰਵਾਈ ਦਾ ਭਰੋਸਾ ਦਿੱਤਾ ਸੀ।