ਬੰਦੀ ਸਿੰਘਾਂ ਦੀ ਰਿਹਾਈ ਸਣੇ ਬੇਅਦਬੀ ਅਤੇ ਸ੍ਰੀ ਗੁਰੂ ਗ੍ਰਥੰ ਸਾਹਿਬ ਜੀ ਦੇ ਗੁੰਮ ਹੋਏ 328 ਸਰੂਪਾਂ ‘ਚ ਇਨਸਾਫ਼ ਤੋਂ ਇਲਾਵਾ ਹੋਰ ਮੰਗਾਂ ਮੰਗਵਾਉਣ ਨੂੰ ਲੈਕੇ ਚੰਡੀਗੜ੍ਹ-ਮੋਹਾਲੀ ਬਾਰਡਰ ‘ਤੇ ਕੌਮੀ ਇਨਸਾਫ਼ ਮੋਰਚੇ ਲੱਗਿਆ ਹੋਇਆ ਹੈ। ਇਸ ਦੌਰਾਨ ਮੋਰਚੇ ਦੇ ਆਗੂਆਂ ਵੱਲੋਂ ਬੀਤੀ ਰਾਤ ਪੰਜਾਬੀ ਇੰਡਸਟਰੀ ਦੇ ਗਾਇਕਾਂ ਨੂੰ ਅਨੋਖੀ ਅਪੀਲ ਕੀਤੀ ਗਈ ਹੈ। ਨੌਜਵਾਨਾਂ ਨੇ ਦੇਰ ਮੁਹਾਲੀ ਦੇ ਪਾਸ਼ ਇਲਾਕੇ ਹੋਮਲੈਂਡ ਹਾਈਟਸ ਦੇ ਸਾਹਮਣੇ ਪੰਜਾਬੀ ਗਾਇਕਾਂ ਨੂੰ ਮੋਰਚੇ ਦੇ ਹੱਕ ਵਿਚ ਨਿੱਤਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਹੋਮਲੈਂਡ ਹਾਈਟਸ ਵਿਚ ਰਹਿੰਦੇ ਸਾਰੇ ਗਾਇਕਾਂ ਨੂੰ ਕੌਮੀ ਇਨਸਾਫ਼ ਮੋਰਚੇ ਦੀ ਹਮਾਇਤ ਕਰਨ ਲਈ ਕਿਹਾ। ਨੌਜਵਾਨਾਂ ਨੇ ਦੇਰ ਰਾਤ ਲਾਊਡ ਸਪੀਕਰ ਲੈ ਕੇ ਪੰਜਾਬੀ ਗਾਇਕਾਂ ਨੂੰ ਅਪੀਲ ਕੀਤੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਅਤੇ ਸਿੱਖ ਭਾਈਚਾਰੇ ਦੀਆਂ ਮੰਗਾਂ ਲਈ ਆਵਾਜ਼ ਬੁਲੰਦ ਕਰਨ।
ਦਸਣਯੋਗ ਹੈ ਕਿ ਜਿਥੇ ਕੌਮੀ ਇਨਸਾਫ਼ ਮੋਰਚਾ ਲੱਗਿਆ ਹੋਇਆ ਹੈ ਉਥੋਂ ਦੀ ਸਿਰਫ਼ 2 ਕਿਲੋਮੀਟਰ ਦੂਰੀ ’ਤੇ ਹੋਮਲੈਂਡ ਹਾਈਟਸ ਹੈ। ਜਿਥੇ ਜਾ ਕੇ ਮੋਰਚੇ ਦੇ ਆਗੂਆਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬੀ ਗਾਇਕਾਂ ਨੂੰ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਗਈ।