ਇੱਕ ਪੱਤਰਕਾਰ ਨੂੰ ਧਮਕੀ ਦੇਣ ਦੇ ਦੋਸ਼ ‘ਚ ਰਾਜਪੁਰਾ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੱਤਰਕਾਰ ਸੰਦੀਪ ਚੌਧਰੀ ਨੇ ਦੱਸਿਆ ਕਿ, ਉਹ ਆਪਣਾ ਨਿਊਜ ਚੈਨਲ ਚਲਾਉਂਦਾ ਹਾਂ। ਚੌਧਰੀ ਨੇ ਦੋਸ਼ ਲਗਾਇਆ ਕਿ ਉਸਨੂੰ ਹਰਜੀਤ ਗਰੇਵਾਲ ਦਾ ਫੋਨ ਆਇਆ ਅਤੇ ਉਸਨੂੰ ਕਹਿਣਾ ਲੱਗਾ ਕਿ ਤੂੰ ਬੰਦਾ ਬਣਜਾ। ਮੈਂ ਕਿਹਾ “ਕੀ ਗਲ ਹੋ ਗਈ ਜੀ, ਤਾਂ ਅੱਗੋਂ ਹਰਜੀਤ ਗਰੇਵਾਲ ਨੇ ਮੈਡਮ ਨੀਨਾ ਮਿਤਲ ਵਿਧਾਇਕਾ ਦੇ ਖਿਲਾਫ ਗੰਦੇ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਅਤੇ ਮੈਨੂੰ ਗੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਿਸਦੀ ਮੇਰੇ ਕੋਲ ਫੋਨ ਰਿਕਾਰਡਿੰਗ ਵੀ ਮੌਜੂਦ ਹੈ।
ਪੁਲਿਸ ਨੇ ਦੱਸਿਆ ਕਿ, ਪੱਤਰਕਾਰ ਸੰਦੀਪ ਚੌਧਰੀ ਦੇ ਬਿਆਨਾਂ ਦੇ ਆਧਾਰ ‘ਤੇ ਹਰਜੀਤ ਗਰੇਵਾਲ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸ ਮਾਮਲੇ ਬਾਰੇ ਹਰਜੀਤ ਗਰੇਵਾਲ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਉਸ ਵੱਲੋਂ ਕਿਸੇ ਨੂੰ ਵੀ ਧਮਕੀਆਂ ਨਹੀਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦਾ ਨਾਂਅ ਜਾਣਬੁੱਝ ਕੇ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।