ਲੰਘੀ 18 ਮਾਰਚ ਤੋਂ ਫਰਾਰ ਚੱਲ ਰਹੇ ‘ਵਾਰਿਸ ਪੰਜਾਬ ਦੇ’ ਜਥੇਬੰਦ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੰਡਨ ਜਾ ਰਹੀ ਸੀ ਜਿਸ ਨੂੰ ਏਅਰਪੋਰਟ ‘ਤੇ ਹੀ ਰੋਕ ਲਿਆ ਗਿਆ। ਇਸ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਉਹਨਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਹੈ। ਕਿਰਨਦੀਪ ਸਵੇਰੇ 11.30 ਵਜੇ ਅੰਮ੍ਰਿਤਸਰ ਏਅਰਪੋਰਟ ਪਹੁੰਚੀ। ਉਨ੍ਹਾਂ ਦੁਪਹਿਰ 1.30 ਵਜੇ ਲੰਡਨ ਲਈ ਫਲਾਈਟ ਫੜਨੀ ਸੀ। ਇਮੀਗ੍ਰੇਸ਼ਨ ਵਿਭਾਗ ਉਸ ਤੋਂ ਪੁੱਛਗਿੱਛ ਕਰ ਰਿਹਾ ਹੈ ਕਿ ਉਹ ਹੁਣ ਵਿਦੇਸ਼ ਕਿਉਂ ਜਾ ਰਹੇ ਹਨ।
ਦਸ ਦਈਏ ਕਿ ਕਿਰਨਦੀਪ ਐਨ.ਆਰ.ਆਈ. ਹੈ, ਉਨ੍ਹਾਂ ‘ਤੇ ਬਰਤਾਨੀਆ ਵਿਚ ਬੱਬਰ ਖਾਲਸਾ ਨਾਲ ਸਬੰਧ ਰੱਖਣ ਅਤੇ ਫੰਡਿੰਗ ਕਰਨ ਦਾ ਵੀ ਦੋਸ਼ ਲੱਗੇ ਸੀ। ਕਿਰਨਦੀਪ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਕਿਰਨਦੀਪ ਨੇ ਕਿਹਾ ਸੀ ਕਿ ਮੈਂ ਕਾਨੂੰਨੀ ਤੌਰ ‘ਤੇ ਭਾਰਤ ‘ਚ ਰਹਿ ਰਹੀ ਹਾਂ। ਮੈਂ ਇੱਥੇ 180 ਦਿਨ ਰਹਿ ਸਕਦੀ ਹਾਂ। ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ 18 ਮਾਰਚ ਤੋਂ ਫਰਾਰ ਹੈ। ਉਸ ਖ਼ਿਲਾਫ਼ ਐਨਐਸਏ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਨੇ ਇਸ ਸਾਲ ਫਰਵਰੀ ਵਿੱਚ ਕਿਰਨਦੀਪ ਕੌਰ, ਜੋ ਕਿ ਯੂਕੇ ਦੀ ਇੱਕ ਐਨਆਰਆਈ ਨਾਲ ਵਿਆਹ ਕੀਤਾ ਸੀ। ਫਰਵਰੀ ਵਿੱਚ ਅੰਮ੍ਰਿਤਪਾਲ ਨਾਲ ਵਿਆਹ ਕਰਨ ਤੋਂ ਬਾਅਦ, ਕਿਰਨਦੀਪ ਕੌਰ ਪੰਜਾਬ ਵਿੱਚ ਸ਼ਿਫਟ ਹੋ ਗਈ ਅਤੇ ਇਸ ਸਮੇਂ ਅੰਮ੍ਰਿਤਪਾਲ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਵਿੱਚ ਰਹਿ ਰਹੀ ਸੀ।