ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚ ਹੋਈ ਗੈਂਗਵਾਰ ਦਾ ਮੁੱਦਾ ਗਰਮਾਉਂਦਾ ਹੋਇਆ ਵਿਖਾਈ ਦੇ ਰਿਹਾ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਤੋਂ ਬਾਅਦ ਹੁਣ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਐਤਵਾਰ ਨੂੰ ਵੱਡੀ ਕਾਰਵਾਈ ਕਰਦਿਆਂ 7 ਜੇਲ੍ਹ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ, ਜਿਨ੍ਹਾਂ ’ਚੋਂ 5 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਥੇ ਦਸ ਦਈਏ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ’ਚ ਡਿਊਟੀ ਦੌਰਾਨ ਲਾਪਰਵਾਹੀ ਅਤੇ ਕਥਿਤ ਤੌਰ ’ਤੇ ਜੇਲ੍ਹ ਵਿਚ ਕੈਦੀਆਂ ਨਾਲ ਮਿਲੀਭੁਗਤ ਕਰਕੇ ਵੀਡੀਓ ਲੀਕ ਕਰਨ ਦੇ ਮਾਮਲੇ ’ਚ ਕੇਂਦਰੀ ਜੇਲ੍ਹ, ਗੋਇੰਦਵਾਲ ਸਾਹਿਬ ਦਾ ਸੁਪਰਡੈਂਟ ਵੀ ਸ਼ਾਮਲ ਹੈ।
ਦਰਅਸਲ, ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ’ਚ ਵਿਚ ਰਿਕਾਰਡ ਹੋਈ ਇਕ ਵੀਡੀਓ ਐਤਵਾਰ ਨੂੰ ਵਾਇਰਲ ਹੋਈ ਸੀ, ਜਿਸ ’ਚ ਸਚਿਨ ਭਿਵਾਨੀ ਅਤੇ ਉਸ ਦੇ ਸਾਥੀ 26 ਫਰਵਰੀ, 2023 ਨੂੰ ਜੇਲ੍ਹ ਵਿੱਚ ਦੋ ਗੁੱਟਾਂ ਦਰਮਿਆਨ ਹੋਏ ਗੈਂਗਵਾਰ ਦੌਰਾਨ ਮਾਰੇ ਗਏ ਦੋ ਗੈਂਗਸਟਰਾਂ ਦੀ ਘਟਨਾ ਦਾ ਜ਼ਿਕਰ ਕਰਦੇ ਦਿਖਾਈ ਦੇ ਰਹੇ ਹਨ। ਆਈ.ਜੀ.ਪੀ. ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਕਿ ਮੁਅੱਤਲ ਕੀਤੇ ਗਏ ਅਤੇ ਗ੍ਰਿਫ਼ਤਾਰ ਕੀਤੇ ਗਏ ਪੰਜ ਜੇਲ੍ਹ ਅਧਿਕਾਰੀਆਂ ਦੀ ਪਛਾਣ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ, ਵਧੀਕ ਜੇਲ੍ਹ ਸੁਪਰਡੈਂਟ ਵਿਜੇ ਕੁਮਾਰ, ਸਹਾਇਕ ਜੇਲ ਸੁਪਰਡੈਂਟ ਹਰੀਸ਼ ਕੁਮਾਰ, ਏ. ਐੱਸ. ਆਈ. ਜੋਗਿੰਦਰ ਸਿੰਘ ਅਤੇ ਏ. ਐੱਸ. ਆਈ. ਹਰਚੰਦ ਸਿੰਘ ਵਜੋਂ ਕੀਤੀ ਹੈ, ਜਦਕਿ ਮੁਅੱਤਲ ਕੀਤੇ ਗਏ ਦੋ ਹੋਰ ਜੇਲ੍ਹ ਅਧਿਕਾਰੀਆਂ ’ਚ ਵਧੀਕ ਜੇਲ੍ਹ ਸੁਪਰਡੈਂਟ ਜਸਪਾਲ ਸਿੰਘ ਖਹਿਰਾ ਅਤੇ ਹੈੱਡ ਕਾਂਸਟੇਬਲ ਸਵਿੰਦਰ ਸਿੰਘ ਸ਼ਾਮਲ ਹਨ।
ਆਈ.ਜੀ.ਪੀ. ਨੇ ਕਿਹਾ ਕਿ ਜਾਂਚ ਤੋਂ ਬਾਅਦ ਪੁਲਿਸ ਨੇ ਇਸ ਐੱਫ.ਆਈ.ਆਰ. ਵਿਚ ਜੇਲ੍ਹ ਅਧਿਕਾਰੀਆਂ ਨੂੰ ਉਨ੍ਹਾਂ ਦੀ ਅਣਗਹਿਲੀ ਅਤੇ ਜੇਲ੍ਹ ਦੇ ਕੈਦੀਆਂ ਨਾਲ ਮਿਲੀਭੁਗਤ ਕਰਕੇ ਵੀਡੀਓ ਸ਼ੂਟ ਕਰਨ ਲਈ ਨਾਮਜ਼ਦ ਕੀਤਾ ਹੈ, ਜੋ ਘਟਨਾ ਵਾਲੇ ਦਿਨ ਸ਼ੂਟ ਕੀਤੀ ਗਈ ਅਤੇ ਕੁਝ ਦਿਨਾਂ ਬਾਅਦ ਲੀਕ ਹੋ ਗਈ। ਉਨ੍ਹਾਂ ਕਿਹਾ ਕਿ ਦੋਸ਼ੀ ਜੇਲ੍ਹ ਦੇ ਕੈਦੀਆਂ ਨੂੰ ਹੋਰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਵਾਪਰੀ ਇਸ ਘਟਨਾ ਤੋਂ ਬਾਅਦ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਨੇ ਮੁਲਜ਼ਮਾਂ ਨੂੰ ਪਹਿਲਾਂ ਹੀ ਵੱਖ-ਵੱਖ ਕਰਕੇ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਤਬਦੀਲ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਗੋਇੰਦਵਾਲ ਸਾਹਿਬ ਜੇਲ੍ਹ ’ਚ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁਲਜ਼ਮ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪਾਨੀਆ ਦੇ ਗੈਂਗਜ਼ ਵਿਚਾਲੇ ਗੈਂਗਵਾਰ ਹੋਈ ਸੀ, ਜਿਸ ’ਚ ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਗੁਰਗੇ ਮਾਰੇ ਗਏ ਸਨ।