ਬੰਦੀ ਸਿੰਘਾਂ ਦੀ ਰਿਹਾਈ ਲਈ ਬੀਤੇ ਇਕ ਮਹੀਨੇ ਦੇ ਵੱਧ ਸਮੇਂ ਤੋਂ ਚੰਡੀਗੜ੍ਹ-ਮੁਹਾਲੀ ਹੱਦ ’ਤੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਵਾਲੀ ਥਾਂ ਨੂੰ ਹਾਈ ਸੈਂਸੀਟਿਵ ਜ਼ੋਨ (High Senstive Zone) ਐਲਾਨ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇੰਟੈਲੀਜੈਂਸ ਰਿਪੋਰਟ ’ਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਕੁਝ ਸ਼ਰਾਰਤੀ ਅਨਸਰ ਹਥਿਆਰਾਂ ਦੇ ਨਾਲ ਮਾਹੌਲ ਨੂੰ ਖਰਾਬ ਕਰ ਸਕਦੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਚੰਡੀਗੜ੍ਹ ਅਤੇ ਮੁਹਾਲੀ ਪੁਲਿਸ ਸਾਂਝੇ ਤੌਰ ’ਤੇ ਕੰਮ ਕਰ ਰਹੀ ਹੈ ਅਤੇ ਉਹਨਾਂ ਨੇ ਕੌਮੀ ਇਨਸਾਫ ਮੋਰਚੇ ਵਾਲੀ ਥਾਂ ਨੂੰ ਹਾਈ ਸੈਂਸੀਟਿਵ ਜ਼ੋਨ ਐਲਾਨ ਦਿੱਤਾ ਹੈ।
ਇਥੇ ਦਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ-ਬਾਰਡਰ ‘ਤੇ ਧਰਨਾ ਲਾ ਕੇ ਬੈਠੇ ਮੋਰਚੇ ਦੇ ਆਗੂਆਂ ਨੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਰਿਹਾਇਸ਼ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਇਸ ਦੌਰਾਨ ਧਰਨਾਕਾਰੀਆਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ ਸੀ।
ਇਸ ਹਿੰਸਕ ਝੜਪ ਨੂੰ ਲੈਕੇ ਚੰਡੀਗੜ੍ਹ ਪੁਲਿਸ ਨੇ ਹੁਣ ਤੱਕ ਕਰੀਬ 30 ਮੁਲਜ਼ਮਾਂ ਦੀ ਤਸਵੀਰਾਂ ਨੂੰ ਜਨਤਕ ਕਰ ਦਿੱਤੀ ਹੈ। ਜਦਕਿ ਇੰਟੈਲੀਜੈਂਸ ਟੀਮ ਨੇ ਵੀ 33 ਅਜਿਹੇ ਲੋਕਾਂ ਦੀ ਸ਼ਨਾਖਤ ਕੀਤੀ ਹੈ ਜੋ ਕਿ ਪ੍ਰਦਰਸ਼ਨ ਦੀ ਆੜ ’ਚ ਪੰਜਾਬ ਅਤੇ ਚੰਡੀਗੜ੍ਹ ਦਾ ਮਾਹੌਲ ਖਰਾਬ ਕਰ ਸਕਦੇ ਹਨ। ਪੁਲਿਸ ਸੂਤਰਾਂ ਮੁਤਾਬਿਕ ਇਨ੍ਹਾਂ 33 ਲੋਕਾਂ ਦੇ ਲਿੰਕ ਵਿਦੇਸ਼ਾਂ ’ਚ ਬੈਠੇ ਖਾਲਿਸਤਾਨੀ ਮੂਵਮੈਂਟ ਚਲਾਉਣ ਵਾਲਿਆਂ ਨਾਲ ਜੁੜੇ ਹੋਏ ਹਨ।