ਫਗਵਾੜਾ: ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੀ ਪੰਜਾਬ ਦੀ ਮਾਨ ਸਰਕਾਰ ਹੁਣ ਖ਼ੁਦ ਹੀ ਰਿਸ਼ਵਤਖੋਰੀ ‘ਤੇ ਫਸਦੀ ਹੋਈ ਵਿਖਾਈ ਦੇ ਰਹੀ ਹੈ। ਬਠਿੰਡਾ ਦਿਹਾਤੀ ਦੇ ‘ਆਪ’ ਵਿਧਾਇਕ ਅਮਿਤ ਰਤਨ ਕੋਟਫੱਤਾ ਅਤੇ ਉਸਦੇ ਕਰੀਬੀ ਰਸ਼ਮਮ ਗਰਗ ਨੂੰ ਰੰਗੇ ਹੱਥੀ ਰਿਸ਼ਵਤ ਲੈਂਦੇ ਹੋਏ ਫੜੇ ਜਾਣ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਦੋਂ ਪੰਜਾਬ ਵਿਚ ਆਪਣੀ ਸਰਕਾਰ ਬਣਾਈ ਸੀ ਤਾਂ ਉਦੋਂ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਸਾਫ਼-ਸੁਥਰੀ ਹੋਵੇਗੀ। ਅਜੇ 10 ਮਹੀਨੇ ਹੀ ਸਰਕਾਰ ਬਣੇ ਨੂੰ ਹੋਏ ਹਨ ਇਹਨਾਂ ਦੇ 4 ਵਿਧਾਇਕ ਫੜੇ ਗਏ ਹਨ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਇਹਨਾਂ ਨੇ ਲੜਾਈ ਤਾਂ ਕੀ ਲੜ੍ਹਨੀ ਸੀ, ਹੁਣ ਇਹ ਰਿਸ਼ਵਤ ਲੈਂਦੇ ਫੜੇ ਗਏ ਵਿਧਾਇਕ ਨੂੰ ਛੱਡਣ ਲੱਗ ਪਏ ਹਨ।
ਉਹਨਾਂ ਕਿਹਾ ਕਿ 10 ਮਹੀਨਿਆਂ ਵਿਚ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਵੱਡੇ ਇਲਜ਼ਾਮ ਲਾਉਂਦੇ ਕਿਹਾ ਕਿ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਜੋ ਕਿ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਨੂੰ ਲੈ ਕੇ ਹਿਰਾਸਤ ਵਿਚ ਲਿਆ ਗਿਆ ਸੀ, ਉਹ ਸਹੀ ਮਾਇਨੇ ਵਿਚ ਇਕ ਡਿਕੈਤ ਹੈ। ਉਨ੍ਹਾਂ ਦੱਸਿਆ ਕਿ ਮੈਨੂੰ ਪੁਲਸ ਅਫ਼ਸਰਾਂ ਨੇ ਵੀ ਦੱਸਿਆ ਸੀ ਕਿ ਸਾਨੂੰ ਹੁਕਮ ਹੋਏ ਹਨ ਕਿ ਅਮਿਤ ਨੂੰ ਨਹੀਂ ਫੜਨਾ। ਇਸ ਦੇ ਬਾਅਦ ਪੀ. ਏ. ਨੂੰ ਗ੍ਰਿਫ਼ਤਾਰ ਕਰਕੇ ਉਸ ‘ਤੇ ਕੇਸ ਪਾ ਦਿੱਤਾ ਗਿਆ। ਜਿਹੜੇ ਮਰਜ਼ੀ ਦਫ਼ਤਰ ਚਲੇ ਜਾਓ, ਉਥੇ ਸਿਰਫ਼ ਪੈਸਾ ਹੀ ਚੱਲ ਰਿਹਾ ਹੈ। ਪੰਜਾਬ ਵਿਚ ਅਜਿਹੇ ਹਾਲਾਤ ਬਣੇ ਹੋਏ ਹਨ ਕਿ ਆਮ ਇਨਸਾਨ ਦਫ਼ਤਰ ਵਿਚ ਪੈਸੇ ਤੋਂ ਬਿਨਾਂ ਕੋਈ ਕੰਮ ਹੀ ਨਹੀਂ ਕਰਵਾ ਸਕਦਾ। ਥਾਣਿਆਂ ਸਮੇਤ ਤਹਿਸੀਲਾਂ ਵਿਚ ਮਹੀਨਾ ਬੰਨ੍ਹਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ 25 ਲੱਖ ਪਿੰਡ ਕੁੱਦੇ ਨੂੰ ਗਰਾਂਟ ਆਈ ਸੀ, ਜਿਸ ਵਿਚੋਂ 5 ਲੱਖ ਆਮ ਆਦਮੀ ਪਾਰਟੀ ਦਾ ਵਿਧਾਇਕ ਲੈ ਰਿਹਾ ਸੀ। ਪੰਜਾਬ ਵਿਚ ਕਾਨੂੰਨ ਵਿਵਸਥਾ ਬੇਹੱਦ ਖ਼ਰਾਬ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਪਾਰੀਆਂ ਦਾ ਰਹਿਣਾ ਮੁਸ਼ਿਕਲ ਹੋਇਆ ਪਿਆ ਹੈ ਅਤੇ ਫਿਰੌਤੀਆਂ ਦੇਣੀਆਂ ਪੈ ਰਹੀਆਂ ਹਨ। 10 ਮਹੀਨਿਆਂ ਵਿਚ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਸਾਰੇ ਫ਼ੈਸਲੇ ਕੇਜਰੀਵਾਲ ਕਰ ਰਿਹਾ ਹੈ। ਮੈਨੂੰ ਕਈ ਥਾਵਾਂ ‘ਤੇ ਅਜਿਹੇ ਲੋਕ ਮਿਲ ਰਹੇ ਹਨ, ਜੋਕਿ ਇਹ ਕਹਿ ਰਹੇ ਹਨ ਕਿ ਉਹ ਪੰਜਾਬ ਵਿਚ ਨਹੀਂ ਰਹਿਣਾ ਚਾਹੁੰਦੇ। ‘ਆਪ’ ਦਾ ਸਿਰਫ਼ ਇਕੋ ਨਿਸ਼ਾਨਾ ਪੰਜਾਬ ਨੂੰ ਲੁੱਟਣਾ ਹੈ।