ਆਮ ਲੋਕਾਂ ਲਈ ਰਾਹਤ ਭਰੀ ਸਾਹਮਣੇ ਆ ਰਹੀ ਹੈ। ਖਬਰ ਇਹ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਕਾਰਨ ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 14 ਰੁਪਏ ਤੱਕ ਦੀ ਕਮੀ ਵੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ (ਬ੍ਰੈਂਟ) ਦੀਆਂ ਕੀਮਤਾਂ ਜਨਵਰੀ ਮਹੀਨੇ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈਆਂ ਹਨ। ਹੁਣ ਇਸ ਦੀ ਕੀਮਤ 81 ਡਾਲਰ ਤੱਕ ਪਹੁੰਚ ਗਈ ਹੈ ਉਥੇ ਹੀ ਦੂਜੇ ਪਾਸੇ ਅਮਰੀਕੀ ਕਰੂਡ ਦੀ ਕੀਮਤ 74 ਡਾਲਰ ਪ੍ਰਤੀ ਬੈਰਲ ਦੇ ਨੇੜੇ ਹੈ।
ਜ਼ਿਕਰਯੋਗ ਹੈ ਕਿ ਖਾਸ ਤੌਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਮਹੱਤਵਪੂਰਨ ਗਿਰਾਵਟ ਨੇ ਭਾਰਤੀ ਰਿਫਾਇਨਰੀਆਂ ਲਈ ਔਸਤ ਕੱਚੇ ਤੇਲ ਦੀ ਕੀਮਤ ਨੂੰ $82 ਪ੍ਰਤੀ ਬੈਰਲ ਤੱਕ ਘਟਾ ਦਿੱਤਾ ਹੈ। ਮਾਰਚ ਵਿੱਚ ਇਹ $112.8 ਸੀ। ਇਸ ਦੇ ਮੁਤਾਬਕ 8 ਮਹੀਨਿਆਂ ‘ਚ ਰਿਫਾਇਨਿੰਗ ਕੰਪਨੀਆਂ ਲਈ ਕੱਚੇ ਤੇਲ ਦੀ ਕੀਮਤ ‘ਚ 31 ਡਾਲਰ ਯਾਨੀ 27 ਫੀਸਦੀ ਦੀ ਕਮੀ ਆਈ ਹੈ। ਐੱਸਐੱਮਸੀ ਗਲੋਬਲ ਦੇ ਮੁਤਾਬਕ ਦੇਸ਼ ਦੀਆਂ ਤੇਲ ਕੰਪਨੀਆਂ ਕੱਚੇ ਤੇਲ ਵਿੱਚ ਹਰ ਇੱਕ ਡਾਲਰ ਦੀ ਗਿਰਾਵਟ ਲਈ ਰਿਫਾਇਨਿੰਗ ‘ਤੇ 45 ਪੈਸੇ ਪ੍ਰਤੀ ਲੀਟਰ ਦੀ ਬਚਤ ਕਰਦੀਆਂ ਹਨ। ਇਸ ਹਿਸਾਬ ਨਾਲ ਪੈਟਰੋਲ-ਡੀਜ਼ਲ ਦੀ ਕੀਮਤ 14 ਰੁਪਏ ਤੱਕ ਘੱਟ ਹੋ ਸਕਦੀ ਹੈ।
ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਮੌਜੂਦਾ ਕੀਮਤਾਂ ਦੇ ਹਿਸਾਬ ਨਾਲ ਕੱਚੇ ਤੇਲ ਦੀ ਇੰਡੀਅਨ ਬਾਸਕਟ ਕਰੀਬ 85 ਡਾਲਰ ਪ੍ਰਤੀ ਬੈਰਲ ਹੋਣੀ ਚਾਹੀਦੀ ਸੀ ਪਰ ਇਹ 82 ਡਾਲਰ ਦੇ ਆਲੇ-ਦੁਆਲੇ ਆ ਗਈ ਹੈ। ਇਸ ਕੀਮਤ ‘ਤੇ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਪ੍ਰਤੀ ਬੈਰਲ (159 ਲੀਟਰ) ਰਿਫਾਇਨਿੰਗ ‘ਤੇ ਲਗਭਗ 245 ਰੁਪਏ ਦੀ ਬਚਤ ਹੋਵੇਗੀ।
ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਸੀ ਕਿ ਸਰਕਾਰੀ ਤੇਲ ਕੰਪਨੀਆਂ ਨੂੰ ਪੈਟਰੋਲ ਦੀ ਵਿਕਰੀ ‘ਤੇ ਮੁਨਾਫਾ ਹੋਣ ਲੱਗਾ ਹੈ ਪਰ ਡੀਜ਼ਲ ‘ਤੇ ਅਜੇ ਵੀ 4 ਰੁਪਏ ਪ੍ਰਤੀ ਲੀਟਰ ਦਾ ਘਾਟਾ ਹੋ ਰਿਹਾ ਹੈ। ਉਦੋਂ ਤੋਂ ਹੁਣ ਤੱਕ ਬ੍ਰੈਂਟ ਕਰੂਡ ਲਗਭਗ 10 ਫੀਸਦੀ ਸਸਤਾ ਹੋ ਗਿਆ ਹੈ। ਅਜਿਹੇ ‘ਚ ਕੰਪਨੀਆਂ ਡੀਜ਼ਲ ‘ਤੇ ਵੀ ਮੁਨਾਫੇ ‘ਚ ਆ ਗਈਆਂ ਹਨ।