29 ਮਈ 2022 ਨੂੰ ਮਾਰੇ ਗਏ ਪੰਜਾਬੀ ਇੰਡਸਟਰੀ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਆਉਣ ਵਾਲੀ 19 ਮਾਰਚ ਨੂੰ ਮਨਾਈ ਜਾਵੇਗੀ। ਇਹ ਐਲਾਨ ਮੂਸੇਵਾਲਾ ਦੇ ਪਰਿਵਾਰ ਵਲੋਂ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 19 ਮਾਰਚ ਨੂੰ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮਾਨਸਾ ਦੀ ਅਨਾਜ ਮੰਡੀ ਸਿਰਸਾ ਰੋਡ ਵਿਖੇ ਮਨਾਈ ਜਾਵੇਗੀ। ਨਾਲ ਹੀ ਪਰਿਵਾਰ ਨੇ ਇਹ ਵੀ ਕਿਹਾ ਕਿ ਇਸਦੀ ਪੂਰੀ ਜਾਣਕਾਰੀ ਭਲਕੇ ਐਤਵਾਰ ਨੂੰ ਦਿੱਤੀ ਜਾਵੇਗੀ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਹੈ ਕਿ ਮੂਸੇਵਾਲਾ ਦੀ ਪਹਿਲੀ ਬਰਸੀ 29 ਮਈ ਦੀ ਬਜਾਏ 19 ਮਾਰਚ ਨੂੰ ਮਾਨਸਾ ਵਿਖੇ ਮਨਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕਿਉਂਕਿ ਮੂਸੇਵਾਲਾ ਦੀ ਪਹਿਲੀ ਬਰਸੀ ‘ਤੇ ਭਾਰੀ ਇਕੱਠ ਹੋਵੇਗਾ, ਇਸ ਨੂੰ ਦੇਖਦੇ ਹੋਏ ਬਹੁਤੀ ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਰਸੀ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।
ਦਸਣਯੋਗ ਹੈ ਕਿ ਪੰਜਾਬੀ ਮਿਯੂਜ਼ਿਕ ਇੰਡਸਟਰੀ ਦੇ ਬਾਕਮਾਲ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗਾਇਕ ਦੇ ਦੇਹਾਂਤ ਨੂੰ ਇੱਕ ਸਾਲ ਹੋਣ ਨੂੰ ਆਇਆ ਹੈ, ਪਰ ਹਾਲੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਸਕਿਆ ਹੈ। ਹਾਲਾਂਕਿ, ਸਰਕਾਰ ਦੇ ਨੁਮਾਇੰਦੇ ਕਾਰਵਾਈ ਕਰਨ ਦੀ ਗੱਲ ਤਾਂ ਕਰਦੇ ਹਨ ਪਰ ਹਾਲੇ ਤੱਕ ਕੋਈ ਠੋਸ ਕਾਰਵਾਈ ਕਿਸੇ ਵੀ ਮੁਲਜ਼ਮ ‘ਤੇ ਨਹੀਂ ਕੀਤੀ ਗਈ ਹੈ।