‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੌਰਾਨ ਪੰਜਾਬ ਪੁਲਿਸ ਨੇ ਕਈ ਸਿੱਖ ਨੌਜਵਾਨ ਗ੍ਰਿਫ਼ਤਾਰ ਕੀਤੇ ਸੀ। ਜਿਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਸਿੱਖ ਨੌਜਵਾਨ ਰਿਹਾਅ ਕਰਨ ਲਈ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ। ਇਸ ਅਲਟੀਮੇਟਮ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਥੇਦਾਰ ਦੀ ‘ਡਿਜੀਟਲ ਵਾਰ’ ਵੇਖਣ ਨੂੰ ਮਿਲੀ। ਇਸ ਮਾਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅਲਟੀਮੇਟਮ ਵਾਲਾ ਟਵੀਟ ਭਾਰਤ ਦੇ ਵਿਚ ਬੈਨ ਕਰ ਦਿੱਤਾ ਹੈ। ਜਿਸ ਤੋਂ ਬਾਅਦ SGPC ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਭੜਕਦਾ ਵਿਖਾਈ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਹੁਣ ਤਾਂ ਸਰਕਾਰਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਸ਼ਬਦ ਵੀ ਬੈਨ ਕਰਨ ਤੱਕ ਉੱਤਰ ਆਈਆਂ ਹਨ। ਮੇਰੀ ਭਗਵੰਤ ਮਾਨ ਨੂੰ ਚੇਤਵਾਨੀ ਹੈ ਕਿ ਗੁਰੂ ਘਰ ਨਾਲ ਮੱਥਾ ਨਾ ਲਾਓ। ਛੇਵੇਂ ਪਾਤਸ਼ਾਹ ਵੱਲੋਂ ਸਿਰਜੇ ਮੀਰੀ ਪੀਰੀ ਦੇ ਸਰਵਉੱਚ ਅਸਥਾਨ ਉੱਤੇ ਹਮਲੇ ਬੰਦ ਕਰੋ ਨਹੀਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਹਸ਼ਰ ਯਾਦ ਰੱਖਣਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜੋ ਜਥੇਦਾਰ ਹਰਪ੍ਰੀਤ ਸਿੰਘ ਲਈ ਸ਼ਬਦਾਵਲੀ ਵਰਤੀ ਸੀ ਉਸ ਨੂੰ ਲੈਕੇ ਸੁਖਬੀਰ ਸਿੰਘ ਨੇ ਬਾਦਲ ਨੇ ਕਿਹਾ ਕਿ ਮੈਨੂੰ ਯਕੀਨ ਨਹੀਂ ਆ ਰਿਹਾ ਕਿ ਇੱਕ ਕਠਪੁਤਲੀ ਮੁੱਖ ਮੰਤਰੀ ਝੂਠੀ ਸਰਕਾਰੀ ਤਾਕਤ ਦੇ ਨਸ਼ੇ ਵਿਚ ਇੰਨਾਂ ਅੰਨ੍ਹਾ ਹੋ ਗਿਆ ਹੈ ਕਿ ਦਿੱਲੀ ਬੈਠੀ ਸਿੱਖ ਵਿਰੋਧੀ ਲਾਬੀ ਦੀ ਸ਼ਹਿ ਅਤੇ ਬੇਗਾਨਿਆਂ ਦੀ ਚੁੱਕ ਵਿੱਚ ਆਕੇ ਉਹ ਗੁਰੂ ਘਰ ਨਾਲ ਹੀ ਮੱਥਾ ਲਾਉਣ ਦੀ ਹਿਮਾਕਤ ਕਰ ਬੈਠਾ ਹੈ। ਇਸ ਦਾ ਹਸ਼ਰ ਵੀ ਉਹੀ ਹੋਵੇਗਾ ਜੋ ਸਿੱਖ ਇਤਿਹਾਸ ਵਿੱਚ ਗੁਰੂ ਘਰ ਨਾਲ ਖਾਸ ਕਰਕੇ ਖ਼ਾਲਸਾ ਪੰਥ ਦੀ ਸਰਵਉੱਚ ਸੰਸਥਾ ਛੇਵੇਂ ਪਾਤਸ਼ਾਹ ਵੱਲੋਂ ਬਖ਼ਸ਼ੇ ਮੀਰੀ ਪੀਰੀ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਵਿਰੁੱਧ ਜੰਗ ਛੇੜਣ ਵਾਲਿਆਂ ਦਾ ਹੁੰਦਾ ਆਇਆ ਹੈ। ਹਾਲੇ ਵੀ ਸਮਾਂ ਹੈ ਕਿ ਭਗਵੰਤ ਮਾਨ ਆਪਣੀ ਇਸ ਮੂਰਖਾਨਾ ਧਾਰਮਿਕ ਅਵੱਗਿਆ ਦੇ ਪਸ਼ਚਾਤਾਪ ਵੱਜੋਂ ਬਿਨਾਂ ਦੇਰੀ ਅਤੇ ਬਿਨਾਂ ਸ਼ਰਤ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਮੁਆਫ਼ੀ ਮੰਗ ਲਵੇ।