ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਦੀ ਹਾਲ ਹੀ ਵਿਚ ਜੇਲ੍ਹ ‘ਚੋਂ ਆਈ ਚਿੱਠੀ ਕਾਫੀ ਚਰਚਾ ਵਿਚ ਹੈ। ਮਨੀਸ਼ ਸਿਸੋਦੀਆ ਨੇ ਇਸ ਚਿੱਠੀ ਵਿਚ ਲਿਖੀ ਕਵਿਤਾ ਰਾਹੀਂ ਵਿਰੋਧੀ ਪਾਰਟੀਆਂ ਦੇ ਆਗੂਆਂ ‘ਤੇ ਜੰਮ ਕੇ ਨਿਸ਼ਾਨੇ ਸਾਧੇ ਹਨ। ਦਸ ਦਈਏ ਕਿ ਸਿਸੋਦੀਆ ਨੇ ਕਵਿਤਾ ਵਿਚ ਸਿੱਖਿਆ ਦੀ ਗੱਲ ਕੀਤੀ ਹੈ। ਚਿੱਠੀ ਵਿਚ ਸਿਸੋਦੀਆ ਨੇ ਲਿਖਿਆ, ”ਜੇਕਰ ਹਰ ਗਰੀਬ ਨੂੰ ਮਿਲੀ ਕਿਤਾਬ ਤਾਂ ਨਫ਼ਰਤ ਦੀ ਹਨ੍ਹੇਰੀ ਕੌਣ ਫੈਲਾਏਗਾ। ਸਾਰਿਆਂ ਦੇ ਹੱਥਾਂ ਨੂੰ ਮਿਲ ਗਿਆ ਕੰਮ ਤਾਂ ਸੜਕਾਂ ‘ਤੇ ਤਲਵਾਰਾਂ ਕੌਣ ਲਹਿਰਾਏਗਾ। ਜੇਕਰ ਪੜ੍ਹ ਗਿਆ, ਹਰ ਗਰੀਬ ਦਾ ਬੱਚਾ ਤਾਂ ਚੌਥੀ ਪਾਸ ਰਾਜਾ ਦਾ ਰਾਜਮਹਿਲ ਹਿੱਲ ਜਾਵੇਗਾ।” ਉਨ੍ਹਾਂ ਲਿਖਿਆ ਹੈ,”ਜੇਕਰ ਪੜ੍ਹ ਗਿਆ ਸਮਾਜ ਦਾ ਹਰ ਬੱਚਾ ਤਾਂ ਤੇਰੀਆਂ ਚਾਲਾਕੀਆਂ ‘ਤੇ ਸਵਾਲ ਚੁੱਕੇਗਾ। ਜੇਕਰ ਗਰੀਬ ਨੂੰ ਮਿਲ ਗਈ ਕਲਮ ਦੀ ਤਾਕਤ ਤਾਂ ਉਹ ਆਪਣੇ ‘ਮਨ ਕੀ ਬਾਤ’ ਸੁਣਾਏਗਾ। ਜੇਕਰ ਪੜ੍ਹ ਗਿਆ ਇਕ-ਇਕ ਗਰੀਬ ਦਾ ਬੱਚਾ ਤਾਂ ਚੌਥੀ ਪਾਸ ਰਾਜਾ ਦਾ ਰਾਜਮਹਿਲ ਹਿੱਲ ਜਾਵੇਗਾ।”
ਦਸ ਦਈਏ ਕਿ ਸਾਬਕਾ ਉੱਪ ਮੁੱਖ ਮੰਤਰੀ ਅਤੇ ‘ਆਪ’ ਆਗੂ ਮਨੀਸ਼ ਸਿਸੋਦੀਆ ਇਸ ਵੇਲੇ ਦਿੱਲੀ ਦੀ ਤਿਹਾੜ ਜੇਲ੍ਹ ਬੰਦ ਹਨ। ਸਿਸੋਦੀਆ ਦੀ ਇਸ ਚਿੱਠੀ ਨੇ ਸਿਆਸੀ ਗਲਿਆਰਿਆਂ ‘ਚ ਚਰਚਾ ਛੇੜ ਦਿੱਤੀ ਹੈ।