ਸ਼੍ਰੋਮਣੀ ਅਕਾਲੀ ਦਲ ਨੇ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਉਨ੍ਹਾਂ ਦੇ ਸਾਲੇ ਨਿਸ਼ਾਨ ਸਿੰਘ ‘ਤੇ ਤਰਨਤਾਰਨ ‘ਚ ਵੱਡੇ ਪੱਧਰ ‘ਤੇ ਗੈਰ-ਕਾਨੂੰਨੀ ਮਾਈਨਿੰਗ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਨ ਦਾ ਵੀ ਐਲਾਨ ਕੀਤਾ ਹੈ।
ਪਾਰਟੀ ਦਫ਼ਤਰ ਵਿਖੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨੂੰ ਗੈਰ ਕਾਨੂੰਨੀ ਮਾਈਨਿੰਗ ਵਿੱਚ ਵਿਧਾਇਕ ਦੀ ਸ਼ਮੂਲੀਅਤ ਦੀਆਂ ਵੀਡੀਓ ਅਤੇ ਤਸਵੀਰਾਂ ਦਿਖਾਈਆਂ। ਉਨ੍ਹਾਂ ਕਿਹਾ ਕਿ ਸੀਆਈਏ ਦੀ ਟੀਮ ਨੇ ਨਾਜਾਇਜ਼ ਮਾਈਨਿੰਗ ਵਾਲੀ ਥਾਂ ‘ਤੇ ਛਾਪਾ ਮਾਰਿਆ ਕਿਉਂਕਿ ਸਥਾਨਕ ਪੁਲਿਸ ‘ਆਪ’ ਵਿਧਾਇਕ ਅਤੇ ਉਨ੍ਹਾਂ ਦੀ ਟੀਮ ਨਾਲ ਮਿਲੀਭੁਗਤ ਸੀ। ਗੈਰ-ਕਾਨੂੰਨੀ ਮਾਈਨਿੰਗ ਵਿੱਚ ਵਰਤੇ ਜਾਣ ਵਾਲੇ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਪੁਲਿਸ ਦੁਆਰਾ ਇਸ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਦਰਜ ਕੀਤੀ ਗਈ ਐਫਆਈਆਰ ਦਾ ਹਿੱਸਾ ਹਨ।
ਉਨ੍ਹਾਂ ਦੱਸਿਆ ਕਿ ਇਸ ਗਰੋਹ ਨੇ ਪਿੰਡ ਬਿਹਾਰੀਪੁਰ ਦੀ ਜ਼ਮੀਨ ‘ਤੇ ਵੱਡੇ ਪੱਧਰ ‘ਤੇ ਨਾਜਾਇਜ਼ ਮਾਈਨਿੰਗ ਕਰਕੇ ਵੱਡੀ ਮਾਤਰਾ ‘ਚ ਰੇਤ ਦੀ ਨਿਕਾਸੀ ਕੀਤੀ ਸੀ | ਉਸਨੇ ਖੁਲਾਸਾ ਕੀਤਾ ਕਿ ਮਾਈਨਿੰਗ ਇੰਸਪੈਕਟਰ ਨੇ 7 ਅਗਸਤ 2023 ਨੂੰ ਨਿਸ਼ਾਨ ਸਿੰਘ ਅਤੇ ਉਸਦੀ ਟੀਮ ਵੱਲੋਂ ਵਰਤੀ ਗਈ ਮਸ਼ੀਨਰੀ ਜ਼ਬਤ ਕਰ ਲਈ ਸੀ, ਜਿਸ ਨੂੰ ਬਾਅਦ ਵਿੱਚ ਸਰਕਾਰ ਦੇ ਦਬਾਅ ਹੇਠ ਛੱਡ ਦਿੱਤਾ ਗਿਆ ਸੀ। ਮਜੀਠੀਆ ਨੇ ਐਲਾਨ ਕੀਤਾ ਕਿ ਉਹ ਜਲਦੀ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਨਗੇ ਅਤੇ ਗੈਰ ਕਾਨੂੰਨੀ ਮਾਈਨਿੰਗ ਦੀ ਸੁਤੰਤਰ ਜਾਂਚ ਦੀ ਮੰਗ ਕਰਨਗੇ।